ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਜੰਮੂ ਤੋਂ 4800 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਅਮਰਨਾਥ ਗੁਫ਼ਾ ਮੰਦਰ ਲਈ ਰਵਾਨਾ
Thursday, Jul 11, 2024 - 11:33 AM (IST)
ਜੰਮੂ- ਸਾਲਾਨਾ ਅਮਰਨਾਥ ਯਾਤਰਾ ਲਈ ਵੀਰਵਾਰ ਨੂੰ ਤੜਕੇ ਜੰਮੂ ਸ਼ਹਿਰ ਤੋਂ ਸਖ਼ਤ ਸੁਰੱਖਿਆ ਵਿਚਕਾਰ 4,800 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਕਸ਼ਮੀਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 4,885 ਸ਼ਰਧਾਲੂਆਂ ਦਾ 14ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੀ ਸੁਰੱਖਿਆ ਹੇਠ ਦੋ ਬੇਸ ਕੈਂਪਾਂ ਬਾਲਟਾਲ ਅਤੇ ਪਹਿਲਗਾਮ ਤੋਂ ਸਵੇਰੇ 3.06 ਵਜੇ ਰਵਾਨਾ ਹੋਇਆ।
ਅੱਤਵਾਦੀ ਹਮਲੇ ਅਤੇ ਇਸ ਤੋਂ ਬਾਅਦ ਦੀ ਕਾਰਵਾਈ ਤੋਂ ਬਾਅਦ ਭਗਵਤੀ ਨਗਰ ਬੇਸ ਕੈਂਪ ਦੇ ਆਲੇ-ਦੁਆਲੇ ਅਤੇ ਯਾਤਰਾ ਦੇ ਰਸਤੇ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਸਮੂਹ ਜਿਸ 'ਚ 2,366 ਪੁਰਸ਼, 1,086 ਔਰਤਾਂ, 32 ਬੱਚੇ ਅਤੇ 163 ‘ਸਾਧੂ’ ਅਤੇ ‘ਸਾਧਵੀਆਂ’ ਸ਼ਾਮਲ ਹਨ, ਬੱਸਾਂ ਅਤੇ ਹਲਕੇ ਵਾਹਨਾਂ ਦੇ ਕਾਫਲੇ ਵਿਚ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਏ। ਉਨ੍ਹਾਂ ਕਿਹਾ ਕਿ 2,991 ਸ਼ਰਧਾਲੂਆਂ ਨੇ ਯਾਤਰਾ ਲਈ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਰੂਟ ਦੀ ਚੋਣ ਕੀਤੀ ਹੈ, ਜਦੋਂ ਕਿ 1,894 ਸ਼ਰਧਾਲੂ ਮੁਕਾਬਲਤਨ ਛੋਟਾ (14 ਕਿਲੋਮੀਟਰ) ਪਰ ਔਖਾ ਬਾਲਟਾਲ ਰਸਤੇ ਤੋਂ ਗੁਫਾ ਮੰਦਰ ਜਾਣਗੇ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਅਮਰਨਾਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਉਦੋਂ ਤੋਂ ਜੰਮੂ ਬੇਸ ਕੈਂਪ ਤੋਂ ਕੁੱਲ 77,210 ਸ਼ਰਧਾਲੂ ਘਾਟੀ ਲਈ ਰਵਾਨਾ ਹੋਏ ਹਨ। 52 ਦਿਨਾਂ ਦੀ ਯਾਤਰਾ ਰਸਮੀ ਤੌਰ 'ਤੇ ਕਸ਼ਮੀਰ ਦੇ ਦੋ ਬੇਸ ਕੈਂਪਾਂ ਤੋਂ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਖ਼ਤਮ ਹੋਵੇਗੀ। ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਖਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ ਬੇਸ ਕੈਂਪ ਜੰਮੂ ਦੇ ਲਾਜ, ਲਖਨਪੁਰ ਸਥਿਤ ਆਗਮਨ ਕੇਂਦਰ ਅਤੇ ਹਾਈਵੇਅ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰਾ ਸਥਾਨਾਂ ਦੇ ਆਲੇ-ਦੁਆਲੇ ਵਾਹਨਾਂ ਦੀ ਤਲਾਸ਼ੀ ਅਤੇ ਲੋਕਾਂ ਦੀ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ।