ਹਾਦੀ ਕਤਲ ਮਾਮਲਾ: ਬੰਗਲਾਦੇਸ਼ ਨੇ ਸ਼ੱਕੀਆਂ ਦੇ ਭਾਰਤ ’ਚ ਹੋਣ ਦਾ ਪ੍ਰਗਟਾਇਆ ਸ਼ੱਕ
Sunday, Dec 28, 2025 - 09:32 PM (IST)
ਢਾਕਾ/ਸ਼ਿਲਾਂਗ, (ਭਾਸ਼ਾ)- ਬੰਗਲਾਦੇਸ਼ ਦੇ ਸਿਆਸੀ ਸੰਗਠਨ ‘ਇਨਕਲਾਬ ਮੰਚ’ ਦੇ ਨੇਤਾ ਸ਼ਰੀਫ ਉਸਮਾਨ ਹਾਦੀ ਦੇ ਕਤਲ ਨੂੰ ਲੈ ਕੇ ਭਾਰਤ ਤੇ ਬੰਗਲਾਦੇਸ਼ ਦੀਆਂ ਏਜੰਸੀਆਂ ਨੇ ਆਹਮੋ-ਸਾਹਮਣੇ ਦਾਅਵੇ ਕੀਤੇ ਹਨ।
ਬੰਗਲਾਦੇਸ਼ ਦੀ ਪੁਲਸ ਨੂੰ ਸ਼ੱਕ ਹੈ ਕਿ ਕਤਲ ਦੇ 2 ਮੁੱਖ ਸ਼ੱਕੀ ਭਾਰਤ ਭੱਜ ਗਏ ਹਨ ਜਦੋਂ ਕਿ ਬੀ. ਐੱਸ. ਐੱਫ. ਅਤੇ ਮੇਘਾਲਿਆ ਪੁਲਸ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਢਾਕਾ ਮੈਟਰੋਪਾਲਿਟਨ ਪੁਲਸ ਦੇ ਵਧੀਕ ਪੁਲਸ ਕਮਿਸ਼ਨਰ (ਅਪਰਾਧ ਤੇ ਸੰਚਾਲਨ) ਐੱਸ. ਐੱਨ. ਮੁਹੰਮਦ ਨਜ਼ਰੁਲ ਇਸਲਾਮ ਅਨੁਸਾਰ ਸ਼ੱਕੀ ਫੈਸਲ ਕਰੀਮ ਮਸੂਦ ਤੇ ਆਲਮਗੀਰ ਸ਼ੇਖ ਬੰਗਲਾਦੇਸ਼ ਤੋਂ ਭੱਜ ਗਏ ਹਨ ਤੇ ਉਹ ਸਥਾਨਕ ਸਾਥੀਆਂ ਦੀ ਮਦਦ ਨਾਲ ਹਲੂਆਘਾਟ ਸਰਹੱਦ ਰਾਹੀਂ ਮੇਘਾਲਿਆ ’ਚ ਦਾਖਲ ਹੋਏ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਸਰਹੱਦ ਪਾਰ ਕਰਨ ਤੋਂ ਬਾਅਦ ਦੋਵੇਂ ਤੁਰਾ ਸ਼ਹਿਰ ਪਹੁੰਚੇ। ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਹਵਾਲਗੀ ਲਈ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ।
ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਹੈ। ਮੇਘਾਲਿਆ ’ਚ ਬੀ. ਐੱਸ. ਐੱਫ. ਦੇ ਇੰਸਪੈਕਟਰ ਜਨਰਲ ਓ. ਪੀ. ਉਪਾਧਿਆਏ ਨੇ ਕਿਹਾ ਕਿ ਹਲਵਾਘਾਟ ਸੈਕਟਰ ਤੋਂ ਕਿਸੇ ਦੇ ਸਰਹੱਦ ਪਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਅਜਿਹੇ ਦਾਅਵੇ ਬੇਬੁਨਿਆਦ ਤੇ ਗੁੰਮਰਾਹਕੁੰਨ ਹਨ।
ਮੇਘਾਲਿਆ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਗਾਰੋ ਪਹਾੜੀ ਖੇਤਰ ’ਚ ਸ਼ੱਕੀਆਂ ਦੀ ਮੌਜੂਦਗੀ ਬਾਰੇ ਕੋਈ ਖੁਫੀਆ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ 32 ਸਾਲਾ ਸ਼ਰੀਫ ਉਸਮਾਨ ਹਾਦੀ ਨੂੰ 12 ਦਸੰਬਰ ਨੂੰ ਢਾਕਾ ’ਚ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਬਿਹਤਰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ, ਜਿੱਥੇ 18 ਦਸੰਬਰ ਨੂੰ ਉਸ ਦੀ ਮੌਤ ਹੋ ਗਈ ਸੀ।
