ਸੰਗਠਿਤ ਹਿੰਦੂ ਤੋਂ ਨਾ ਕਦੇ ਕਿਸੇ ਨੂੰ ਖ਼ਤਰਾ ਹੋਇਆ ਹੈ ਅਤੇ ਨਾ ਕਦੇ ਹੋਵੇਗਾ : ਮੋਹਨ ਭਾਗਵਤ
Thursday, Oct 06, 2022 - 12:42 PM (IST)
ਨਾਗਪੁਰ (ਭਾਸ਼ਾ)- ਆਰ.ਐੱਸ.ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਬੁੱਧਵਾਰ ਕਿਹਾ ਕਿ ਕਥਿਤ ਘੱਟ ਗਿਣਤੀਆਂ ’ਚ ਬਿਨਾਂ ਕਿਸੇ ਕਾਰਨ ਡਰ ਬਣਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੰਘ ਜਾਂ ਹਿੰਦੂਆਂ ਤੋਂ ਖ਼ਤਰਾ ਹੈ ਪਰ ਇਹ ਨਾ ਤਾਂ ਹਿੰਦੂਆਂ ਦਾ ਤੇ ਨਾ ਹੀ ਸੰਘ ਦਾ ਸੁਭਾਅ ਜਾਂ ਇਤਿਹਾਸ ਹੈ। ਭਾਗਵਤ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਜਾਂ ਸੰਗਠਿਤ ਹਿੰਦੂਆਂ ਤੋਂ ਕਦੇ ਕਿਸੇ ਨੂੰ ਨਾ ਤਾਂ ਖ਼ਤਰਾ ਹੋਇਆ ਹੈ ਅਤੇ ਨਾ ਕਦੇ ਹੋਵੇਗਾ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਗਪੁਰ ਸਥਿਤ ਹੈੱਡਕੁਆਰਟਰ ’ਚ ਵਿਜੇ ਦਸ਼ਮੀ ਤਿਉਹਾਰ ਦੇ ਮੌਕੇ ’ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਰਸੰਘਚਾਲਕ ਨੇ ਕਿਹਾ ਕਿ ਸੰਘ ਆਪਸੀ ਭਾਈਚਾਰੇ ਅਤੇ ਸ਼ਾਂਤੀ ਦੇ ਪੱਖ ’ਚ ਮਜ਼ਬੂਤੀ ਨਾਲ ਖੜ੍ਹਾ ਹੈ।
ਨਾਬਰਾਬਰੀ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਜਦੋਂ ਤੱਕ ਸਾਰੇ ਹਿੰਦੂਆਂ ਲਈ ਮੰਦਰ, ਜਲ ਭੰਡਾਰ ਅਤੇ ਸ਼ਮਸ਼ਾਨਘਾਟ ਨਹੀਂ ਖੋਲ੍ਹੇ ਜਾਂਦੇ, ਉਦੋਂ ਤਕ ਬਰਾਬਰੀ ਦੀ ਗੱਲ ਪੂਰੀ ਨਹੀਂ ਹੋ ਸਕਦੀ। ਭਾਜਪਾ ਦੇ ਮੁਅੱਤਲ ਬੁਲਾਰੇ ਦਾ ਸਮਰਥਨ ਕਰਨ ਲਈ ਉਦੇਪੁਰ ਵਿੱਚ ਇੱਕ ਦਰਜ਼ੀ ਅਤੇ ਅਮਰਾਵਤੀ ’ਚ ਇਕ ਕੈਮਿਸਟ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਬਾਦੀ ਸਬੰਧੀ ਇੱਕ ਵਿਆਪਕ ਨੀਤੀ ਬਣਾਈ ਜਾਣੀ ਚਾਹੀਦੀ ਹੈ ਜੋ ਸਭ ਭਾਈਚਾਰਿਆਂ ਦੇ ਲੋਕਾਂ ’ਤੇ ਬਰਾਬਰ ਲਾਗੂ ਹੋਵੇ । ਇਸ ਵਿੱਚ ਕਿਸੇ ਨੂੰ ਵੀ ਛੋਟ ਨਾ ਦਿੱਤੀ ਜਾਵੇ। ਆਬਾਦੀ ’ਤੇ ਕੰਟਰੋਲ ਦੇ ਨਾਲ ਆਬਾਦੀ ਦਾ ਸੰਤੁਲਨ ਵੀ ਮਹੱਤਵਪੂਰਨ ਮਾਮਲਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਭਾਗਵਤ ਨੇ ਸੰਕਟ 'ਚ ਘਿਰੇ ਸ਼੍ਰੀਲੰਕਾ ਦੀ ਮਦਦ ਕਰਨ ਅਤੇ ਯੂਕ੍ਰੇਨ ਸੰਘਰਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਸਪਸ਼ਟ ਹੈ ਕਿ ਸਾਡੇ ਦੇਸ਼ ਦਾ ਮਾਮਲਾ ਦੁਨੀਆਂ ਵਿਚ ਸੁਣਿਆ ਜਾ ਰਿਹਾ ਹੈ ਅਤੇ ਭਾਰਤ ਰਾਸ਼ਟਰੀ ਸੁਰੱਖਿਆ ਦੇ ਮੋਰਚੇ ’ਤੇ ਵਧੇਰੇ ਆਤਮ-ਨਿਰਭਰ ਹੋ ਰਿਹਾ ਹੈ।