ਮੋਰਬੀ ਪੁਲ ਹਾਦਸਾ : ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਮਰ ਭਰ ਪੈਨਸ਼ਨ, ਨੌਕਰੀ ਦੇਵੇ ਓਰੇਵਾ ਗਰੁੱਪ

12/10/2023 2:30:29 PM

ਅਹਿਮਦਾਬਾਦ (ਭਾਸ਼ਾ)- ਗੁਜਰਾਤ ਹਾਈ ਕੋਰਟ ਨੇ ਮੋਰਬੀ ਪੁਲ ਦਾ ਸੰਚਾਲਨ ਤੇ ਰੱਖ-ਰਖਾਅ ਦੀ ਜ਼ਿੰਮੇਵਾਰ ਕੰਪਨੀ ਓਰੇਵਾ ਗਰੁੱਪ ਨੂੰ ਇਸ ‘ਸਸਪੈਨਸ਼ਨ ਬ੍ਰਿਜ’ ਦੇ ਟੁੱਟਣ ਦੀ ਘਟਨਾ ਵਿਚ ਆਪਣੇ ਬੇਟਿਆਂ ਨੂੰ ਗੁਆ ਚੁੱਕੇ ਬਜ਼ੁਰਗਾਂ ਨੂੰ ਉਮਰ ਭਰ ਲਈ ਪੈਨਸ਼ਨ ਅਤੇ ਵਿਧਵਾਵਾਂ ਨੂੰ ਨੌਕਰੀ ਜਾਂ ਵਜ਼ੀਫਾ ਦੇਣ ਨੂੰ ਕਿਹਾ ਹੈ। ਅਦਾਲਤ ਨੇ ਕਿਹਾ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕਮੁਸ਼ਤ ਮੁਆਵਜ਼ੇ ਨਾਲ ਉਨ੍ਹਾਂ ਨੂੰ ਲੋੜੀਂਦੀ ਮਦਦ ਨਹੀਂ ਮਿਲੇਗੀ। ਚੀਫ਼ ਜਸਟਿਸ ਸੁਨੀਲ ਅਗਰਵਾਲ ਤੇ ਜਸਟਿਸ ਅਨਿਰੁੱਧ ਮੇਈ ਦੀ ਬੈਂਚ 30 ਅਕਤੂਬਰ, 2022 ਨੂੰ ਵਾਪਰੇ ਹਾਦਸੇ ਸਬੰਧੀ ਦਾਇਰ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਹੈ। ਇਸ ਹਾਦਸੇ ਵਿਚ 135 ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰ ਮੁਤਾਬਕ ਇਸ ਘਟਨਾ ਵਿਚ 10 ਔਰਤਾਂ ਵਿਧਵਾ ਹੋ ਗਈਆਂ ਅਤੇ 7 ਬੱਚੇ ਅਨਾਥ ਹੋ ਗਏ। 

ਚੀਫ਼ ਜਸਟਿਸ ਨੇ ਕੰਪਨੀ ਨੂੰ ਕਿਹਾ ਕਿ ਵਿਧਵਾਵਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਉਹ ਨੌਕਰੀਆਂ ਨਹੀਂ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਵਜ਼ੀਫਾ ਦੇ ਦਿਓ। ਤੁਹਾਨੂੰ ਉਮਰ ਭਰ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ। ਹੋ ਸਕਦਾ ਹੈ ਕਿ ਉਹ ਕੰਮ ਕਰਨ ਦੀ ਸਥਿਤੀ ਵਿਚ ਨਾ ਹੋਣ। ਅਜਿਹੀਆਂ ਵੀ ਔਰਤਾਂ ਹਨ ਜਿਨ੍ਹਾਂ ਨੇ ਸ਼ਾਇਦ ਕਦੇ ਕੰਮ ਨਹੀਂ ਕੀਤਾ ਹੋਵੇਗਾ, ਆਪਣੇ ਘਰਾਂ ਤੋਂ ਕਦੇ ਬਾਹਰ ਨਹੀਂ ਨਿਕਲੀਆਂ ਹੋਣਗੀਆਂ। ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਆਪਣੇ ਘਰਾਂ ਤੋਂ ਬਾਹਰ ਆਉਣ ਅਤੇ ਕਿਤੇ ਹੋਰ ਜਾ ਕੇ ਕੰਮ ਕਰਨ? ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਘਟਨਾ ਵਿਚ ਬੇਸਹਾਰਾ ਹੋਏ ਬੱਚਿਆਂ ਅਤੇ ਵਿਧਵਾਵਾਂ ਦੀ ਦੇਖਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News