2 ਭੈਣਾਂ ਨੂੰ ਸਰਕਾਰੀ ਨੌਕਰੀ ’ਤੇ ਲਵਾਉਣ ਬਦਲੇ 27 ਲੱਖ ਠੱਗੇ

Friday, May 02, 2025 - 02:09 PM (IST)

2 ਭੈਣਾਂ ਨੂੰ ਸਰਕਾਰੀ ਨੌਕਰੀ ’ਤੇ ਲਵਾਉਣ ਬਦਲੇ 27 ਲੱਖ ਠੱਗੇ

ਖਰੜ (ਰਣਬੀਰ) : ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਲਗਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ ਆ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲੇ ’ਚ ਭੈਣਾਂ ਤੋਂ ਕਰੀਬ 27 ਲੱਖ ਰੁਪਏ ਠੱਗ ਲਏ ਗਏ। ਸਿਟੀ ਥਾਣਾ ਪੁਲਸ ਨੇ ਪੀੜਤਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ੁਭਮ ਸ਼ਰਮਾ ਵਾਸੀ ਮੁਹੱਲਾ ਧੋਬੀਆਂ ਵਾਲਾ ਖ਼ਿਲਾਫ਼ ਕੇਸ ਦਰਜ ਕੀਤਾ। ਡੀ.ਆਈ.ਜੀ. ਰੂਪਨਗਰ ਰੇਂਜ ਨੂੰ ਦਰਖ਼ਾਸਤ ’ਚ ਸੀਨੀਅਰ ਸਿਟੀਜ਼ਨ ਕੁਲਦੀਪ ਸਿੰਘ ਵਾਸੀ ਖਰੜ ਨੇ ਦੱਸਿਆ ਕਿ ਦੋਵੇਂ ਬੇਟੀਆਂ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਕੋਲ ਇਕ ਮਹਿਲਾ ਲੜਕੀ ਨੂੰ ਟਿਊਸ਼ਨ ਪੜ੍ਹਾਉਣ ਲਈ ਆਉਂਦੀ ਹੁੰਦੀ ਸੀ।

ਇਸ ਕਾਰਨ ਉਸ ਔਰਤ ਨਾਲ ਚੰਗੀ ਪਛਾਣ ਹੋ ਗਈ। ਉਸ ਨੇ ਕਿਹਾ ਕਿ ਉਸ ਦਾ ਲੜਕਾ ਸ਼ੁਭਮ ਖੇਤੀਬਾੜੀ ਮਹਿਕਮਾ ਚੰਡੀਗੜ੍ਹ ’ਚ ਸੁਪਰੀਡੈਂਟ ਲੱਗਾ ਹੈ, ਜੋ ਉਨ੍ਹਾਂ ਦੀਆਂ ਕੁੜੀਆਂ ਨੂੰ ਸਰਕਾਰੀ ਨੌਕਰੀ ’ਤੇ ਲਗਵਾ ਸਕਦਾ ਹੈ। ਇਸ ਪਿੱਛੋਂ ਬੇਟੀਆਂ ਨੂੰ ਨੌਕਰੀਆਂ ਸਬੰਧੀ ਮੇਲ ਆਉਣੀ ਸ਼ੁਰੂ ਹੋ ਗਈ। ਨਕਲੀ ਜੁਆਇਨਿੰਗ ਲੈਟਰ ਸਣੇ ਫ਼ੀਸ ਅਦਾਇਗੀ ਲਈ ਕਿਊ. ਆਰ. ਕੋਡ ਭੇਜੇ ਜਾਣ ਲੱਗੇ। ਕਈ ਵਾਰ ਚੰਡੀਗੜ੍ਹ ਦੇ ਵੱਖ-ਵੱਖ ਦਫ਼ਤਰਾਂ ਬਾਹਰ ਬੁਲਾ ਕੇ ਫਾਰਮ ’ਤੇ ਸਾਈਨ ਕਰਵਾਏ।

ਇਸ ਤਰ੍ਹਾਂ ਕਰੀਬ ਢਾਈ ਸਾਲ ’ਚ 26 ਲੱਖ 24 ਹਜ਼ਾਰ ਰੁਪਏ ਠੱਗ ਲਏ। ਕੁਲਦੀਪ ਨੇ ਇਸ ਰਕਮ ਬੱਚਿਆਂ ਦੀ ਐੱਫ.ਡੀ. ਤੁੜਵਾ ਕੇ ਤੇ ਗਹਿਣੇ ਵੇਚ ਕੇ ਦਿੱਤੇ। ਕਾਫ਼ੀ ਪੈਸਾ ਉਧਾਰ ਵੀ ਲਿਆ। ਜਦੋਂ ਦੋਸ਼ੀ ਨੂੰ ਕਿਹਾ ਕਿ ਹਾਲੇ ਤੱਕ ਜੁਆਇਨਿੰਗ ਲੈਟਰ ਜਾਂ ਇੰਟਰਵਿਊ ਕਾਲ ਨਹੀਂ ਆਈ ਤਾਂ 4 ਨਵੰਬਰ 2024 ਨੂੰ ਫ਼ੂਡ ਸਪਲਾਈ ਡਿਪਾਰਟਮੈਂਟ ਚੰਡੀਗੜ੍ਹ ਤੋਂ ਜੁਆਇਨਿੰਗ ਲੈਟਰ ਆ ਗਿਆ। ਅਗਲੇ ਦਿਨ ਉਹ ਬੇਟੀ ਨਾਲ ਸੈਕਟਰ-17 ਦਫਤਰ ਵਿਖੇ ਗਏ ਪਰ ਸ਼ੁਭਮ ਬੇਟੀ ਨੂੰ ਨੌਕਰੀ ਦਿਲਵਾ ਨਹੀਂ ਸਕਿਆ। ਰਕਮ ਵਾਪਸ ਮੰਗਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।


author

Babita

Content Editor

Related News