Veg Biryani ਦੀ ਥਾਂ ਭੇਜੀ ਗਈ ''ਚਿਕਨ ਬਰਿਆਨੀ'', ਭਾਵੁਕ ਹੋ ਕੇ ਕੁੜੀ ਨੇ ਕਿਹਾ....
Monday, Apr 07, 2025 - 06:08 PM (IST)

ਨੋਇਡਾ- ਨੋਇਡਾ ਦੇ ਬਿਸਰਖ ਥਾਣਾ ਖੇਤਰ ਦੀ ਇਕ ਕੁੜੀ ਨੇ ਆਨਲਾਈਨ ਸ਼ਾਕਾਹਾਰੀ ਬਰਿਆਨੀ ਆਰਡਰ ਕੀਤੀ ਸੀ ਪਰ ਉਸ ਨੂੰ ਚਿਕਨ ਬਰਿਆਨੀ ਭੇਜੀ ਗਈ। ਕੁੜੀ ਨੇ ਭਾਵੁਕ ਹੋ ਕੇ ਕਿਹਾ ਕਿ ਨਰਾਤਿਆਂ ਮੌਕੇ ਉਸ ਨੂੰ ਚਿਕਨ ਬਰਿਆਨੀ ਭੇਜੀ ਗਈ। ਕੁੜੀ ਨੇ ਕਿਹਾ ਕਿ 4 ਅਪ੍ਰੈਲ ਨੂੰ ਉਸ ਨੇ ਆਨਲਾਈਨ 'ਸ਼ਾਕਾਹਾਰੀ ਬਰਿਆਨੀ ਯਾਨੀ ਕਿ ਵੈਜ ਬਰਿਆਨੀ ਆਰਡਰ ਕੀਤੀ ਸੀ ਪਰ ਉਸ ਨੂੰ 'ਨਾਨ-ਵੈਜ (ਨਾਨ-ਵੈਜੀਟੇਰੀਅਨ) ਬਰਿਆਨੀ ਭੇਜੀ ਗਈ।
ਛਾਇਆ ਸ਼ਰਮਾ ਨਾਂ ਦੀ ਇਸ ਕੁੜੀ ਦਾ ਕਹਿਣਾ ਹੈ ਕਿ ਨਰਾਤਿਆਂ ਦੇ ਮੌਕੇ 'ਤੇ ਉਸ ਨੇ ਮਸ਼ਹੂਰ 'ਫੂਡ ਡਿਲੀਵਰੀ ਐਪ- ਸਵਿਗੀ' ਤੋਂ ਲਖਨਊ ਕਬਾਬ ਪਰਾਂਠਾ ਰੈਸਟੋਰੈਂਟ ਤੋਂ 'ਵੈਜ ਬਰਿਆਨੀ' ਆਰਡਰ ਕੀਤੀ ਸੀ ਪਰ ਉਸ ਨੂੰ 'ਚਿਕਨ ਬਰਿਆਨੀ' ਦਾ ਪੈਕੇਟ ਭੇਜ ਦਿੱਤਾ ਗਿਆ। ਕੁੜੀ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਸ ਨੇ ਬਰਿਆਨੀ ਖਾਧੀ ਤਾਂ ਉਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਸ਼ਾਕਾਹਾਰੀ ਨਹੀਂ ਸਗੋਂ ਚਿਕਨ ਬਰਿਆਈ ਹੈ। ਛਾਇਆ ਨੇ ਕਿਹਾ ਕਿ ਉਹ ਸ਼ੁੱਧ ਸ਼ਾਕਾਹਾਰੀ ਹੈ ਅਤੇ ਉਸ ਨੇ ਗਲਤੀ ਨਾਲ ਇਕ-ਦੋ ਚਮਚ ਖਾ ਵੀ ਲਏ। ਅਜਿਹੇ ਵਿਚ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਛਾਇਆ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ-ਸੈਂਟਰਲ ਨੋਇਡਾ) ਸ਼ਕਤੀ ਮੋਹਨ ਅਵਸਥੀ ਨੇ ਕਿਹਾ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਸਬੰਧਤ ਰੈਸਟੋਰੈਂਟ ਦੇ ਕਰਮੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਰੈਸਟੋਰੈਂਟ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਉਹ ਫਿਲਹਾਲ ਦੇਹਰਾਦੂਨ 'ਚ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ 'ਤੇ 'ਵੈਜ ਬਰਿਆਨੀ' ਨਹੀਂ ਬਣਦੀ। ਉਨ੍ਹਾਂ ਦੇ ਇੱਥੇ ਸਿਰਫ 'ਚਿਕਨ ਬਰਿਆਨੀ' ਹੀ ਬਣਦੀ ਹੈ। ਰਾਹੁਲ ਨੇ ਕਿਹਾ ਕਿ ਅਸੀਂ ਆਪਣੇ ਪੱਧਰ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਗਲਤੀ ਕਿਵੇਂ ਹੋਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫੂਡ ਸੇਫਟੀ ਅਤੇ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਦੀ ਟੀਮ ਵੀ ਰੈਸਟੋਰੈਂਟ ਪਹੁੰਚੀ। ਫੂਡ ਸੇਫਟੀ ਅਫਸਰ ਡਾਕਟਰ ਓਮਪਾਲ ਸਿੰਘ ਨੇ ਰੈਸਟੋਰੈਂਟ ਤੋਂ ਸੈਂਪਲ ਲਏ ਅਤੇ ਜਾਂਚ ਪੂਰੀ ਹੋਣ ਤੱਕ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਬਿਸਰਖ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।