ਸੰਸਦ ''ਚ ਸੈਸ਼ਨ ਦੌਰਾਨ ਨੀਟ, ਅਗਨੀਵੀਰ ਵਰਗੇ ਮੁੱਦਿਆਂ ''ਤੇ ਸਰਕਾਰ ਨੂੰ ਘੇਰੇਗਾ ਵਿਰੋਧੀ ਧਿਰ

Friday, Jun 21, 2024 - 04:48 PM (IST)

ਸੰਸਦ ''ਚ ਸੈਸ਼ਨ ਦੌਰਾਨ ਨੀਟ, ਅਗਨੀਵੀਰ ਵਰਗੇ ਮੁੱਦਿਆਂ ''ਤੇ ਸਰਕਾਰ ਨੂੰ ਘੇਰੇਗਾ ਵਿਰੋਧੀ ਧਿਰ

ਨਵੀਂ ਦਿੱਲੀ- ਵਿਰੋਧੀ ਧਿਰ ਸੰਸਦ ਦੇ ਪਹਿਲੇ ਸੈਸ਼ਨ ਦੌਰਾਨ ਮੋਦੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰਨ ਦੀ ਕੋਸ਼ਿਸ਼ ਕਰੇਗਾ। ਫੋਕਸ ਤਿੰਨ ਅਹਿਮ ਮੁੱਦਿਆਂ- ਨੀਟ, ਅਗਨੀਵੀਰ ਯੋਜਨਾ ਅਤੇ ਐਗਜ਼ਿਟ ਪੋਲ ਤੋਂ ਸ਼ੇਅਰ ਬਾਜ਼ਾਰ ਵਿਚ ਉੱਥਲ-ਪੁਥਲ ਨਾਲ ਕਰੋੜਾਂ ਰੁਪਏ ਇੱਧਰ ਤੋਂ ਉੱਧਰ ਹੋਣ 'ਤੇ ਰਹੇਗਾ। ਇਨ੍ਹਾਂ ਮੁੱਦਿਆਂ 'ਤੇ ਸਰਕਾਰ ਬੈਕਫੁੱਟ 'ਤੇ ਹੈ। ਭਾਜਪਾ ਦੇ ਸਹਿਯੋਗੀ ਦਲ ਵੀ ਨੀਟ ਅਤੇ ਅਗਨੀਵੀਰ ਨੂੰ ਲੈ ਕੇ ਵੱਖਰੇ ਖੜ੍ਹੇ ਨਜ਼ਰ ਆ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਇਨ੍ਹਾਂ ਮੁੱਦਿਆਂ 'ਤੇ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚੱਲਣ ਦੀ ਰਣਨੀਤੀ ਅਪਣਾਏਗੀ।  ਓਧਰ ਭਾਜਪਾ ਅਤੇ ਉਸ ਦੇ ਸਹਿਯੋਗੀ ਦਲ ਸਦਨ ਵਿਚ ਸਕਾਰਾਤਮਕ ਚਰਚਾ ਨੂੰ ਲੈ ਕੇ ਮਾਹੌਲ ਬਣਾਉਣ ਦੇ ਰਾਹ 'ਤੇ ਚਲਦੇ ਵਿਖਾਈ ਦੇ ਰਹੇ ਹਨ। ਦੋਹਾਂ ਸਦਨਾਂ ਦੇ ਸੰਯੁਕਤ ਸੈਸ਼ਨ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਭਾਸ਼ਣ ਤੋਂ ਮੋਦੀ ਸਰਕਾਰ ਅਗਲੇ 5 ਸਾਲ ਦੇ ਏਜੰਡੇ ਦੀ ਝਲਕ ਦੇਵੇਗੀ।  

ਮੋਦੀ ਸਰਕਾਰ 3.0- ਇੰਡੀਆ ਗਠਜੋੜ ਆਪਣੀ ਤਾਕਤ ਦਿਖਾਏਗਾ

NEET ਪ੍ਰੀਖਿਆ- ਇੰਡੀਆ ਗਠਜੋੜ ਇਸ ਵਿਵਾਦ ਨੂੰ ਲੈ ਕੇ ਸੰਸਦ 'ਚ ਸਰਕਾਰ ਨੂੰ ਘੇਰਨ ਲਈ ਤਿਆਰ ਹੈ। ਸਮਝਿਆ ਜਾਂਦਾ ਹੈ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਇਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨਗੇ।

ਅਗਨੀਵੀਰ- ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਸੱਤਾ 'ਚ ਆਉਣ 'ਤੇ ਇਸ ਸਕੀਮ ਨੂੰ ਖਤਮ ਕਰ ਦਿੱਤਾ ਜਾਵੇਗਾ। ਕਾਂਗਰਸ ਹੁਣ ਇਸ ਨੂੰ ਸੰਸਦ ਦਾ ਸਭ ਤੋਂ ਅਹਿਮ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵਾਰ-ਵਾਰ ਭਰੋਸਾ ਦੇ ਰਹੇ ਹਨ ਕਿ ਲੋੜ ਪੈਣ 'ਤੇ ਯੋਜਨਾ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਹਨ।

ਸ਼ੇਅਰ ਬਾਜ਼ਾਰ-ਸ਼ੇਅਰ ਬਾਜ਼ਾਰ ਨਾਲ ਜੁੜੇ 16 ਕਰੋੜ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਵਿਰੋਧੀ ਧਿਰ ਚੋਣ ਨਤੀਜਿਆਂ ਤੋਂ ਪਹਿਲਾਂ ਸੈਂਸੈਕਸ 'ਚ ਤੇਜ਼ੀ ਅਤੇ ਫਿਰ ਬਾਜ਼ਾਰ 'ਚ ਗਿਰਾਵਟ ਨੂੰ ਯੋਜਨਾਬੱਧ ਘੋਟਾਲੇ ਦੇ ਰੂਪ 'ਚ ਦੇਖ ਰਹੀ ਹੈ। ਰਾਹੁਲ ਨੇ ਇਸ ਮਾਮਲੇ 'ਚ ਸਾਂਝੀ ਸੰਸਦੀ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ।
 


author

Tanu

Content Editor

Related News