ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਭਾਜਪਾ ਨੂੰ ਹਰਾਉਣਗੀਆਂ : ਰਾਹੁਲ ਗਾਂਧੀ
Friday, Jun 23, 2023 - 04:55 PM (IST)

ਪਟਨਾ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਗੀਆ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ 'ਚ ਕਾਂਗਰਸ ਦੀ 'ਭਾਰਤ ਜੋੜੋ' ਵਾਲੀ ਵਿਚਾਰਧਾਰਾ ਅਤੇ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਦੀ 'ਭਾਰਤ ਤੋੜੋ' ਵਾਲੀ ਵਿਚਾਰਧਾਰਾ ਦੇ ਵਿਚਕਾਰ ਲੜਾਈ ਹੈ।
ਰਾਹੁਲ ਗਾਂਧੀ ਨੇ ਇਥੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿੰਦੁਸਤਾਨ 'ਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਇਕ ਪਾਸੇ ਕਾਂਗਰਸ ਦੀ ਭਾਰਤ ਜੋੜੋ ਵਾਲੀ ਵਿਚਾਰਧਾਰਾ ਅਤੇ ਦੂਜੇ ਪਾਸੇ ਭਾਜਪਾ ਅਤੇ ਆਰ.ਐੱਸ.ਐੱਸ. ਦੀ ਭਾਰਤ ਤੋੜੋ ਵਾਲੀ ਵਿਚਾਰਧਾਰਾ ਹੈ। ਇਸ ਲਈ ਅਸੀਂ ਬਿਹਾਰ ਆਏ ਹਾਂ। ਕਾਂਗਰਸ ਪਾਰਟੀ ਦਾ ਡੀ.ਐੱਨ.ਏ. ਬਿਹਾਰ 'ਚ ਹੈ। ਉਨ੍ਹਾਂ ਨੇ ਭਾਰਤ ਜੋੜੋ ਯਾਤਰਾ 'ਚ ਮਦਦ ਲਈ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ।
ਰਾਹੁਲ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਜਪਾ ਭਾਰਤ ਨੂੰ ਤੋੜਨ, ਹਿੰਸਾ ਅਤੇ ਨਫਰਤ ਫੈਲਾਉਣ ਦਾ ਕੰਮ ਕਰ ਰਹੀ ਹੈ। ਕਾਂਗਰਸ ਪਾਰਟੀ ਦੇਸ਼ ਨੂੰ ਜੋੜਨ ਅਤੇ ਮੁਹੱਬਤ ਫੈਲਾਉਣ ਦਾ ਕੰਮ ਕਰ ਰਹੀ ਹੈ। ਤੁਸੀਂ ਜਾਣਦੇ ਹੋ ਕਿ ਨਫਰਤ ਨੂੰ ਨਫਰਤ ਨਾਲ ਨਹੀਂ ਖਤਮ ਕੀਤਾ ਜਾ ਸਕਦਾ। ਨਫਰਤ ਨੂੰ ਸਿਰਫ ਮਹੁੱਬਤ ਨਾਲ ਖਤਮ ਕੀਤਾ ਜਾ ਸਕਦਾ ਹੈ।
ਕਾਂਗਰਸ ਨੇਤਾ ਨੇ ਵਿਰੋਧੀ ਨੇਤਾਵਾਂ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਇਥੇ ਆਈਆਂ ਹਨ। ਇਕੱਠੇ ਮਿਲ ਕੇ ਅਸੀਂ ਭਾਜਪਾ ਨੂੰ ਹਰਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਰਨਾਟਕ 'ਚ ਭਾਜਪਾ ਦੇ ਨੇਤਾਵਾਂ ਨੇ ਲੰਬੇ-ਲੰਬੇ ਭਾਸ਼ਣ ਦਿੱਤੇ ਪਰ ਨਤੀਜਾ ਕੀ ਨਿਕਲਿਆ, ਤੁਸੀਂ ਦੇਖ ਲਿਆ ਹੈ। ਕਾਂਗਰਸ ਜਿਵੇਂ ਹੀ ਇਕੱਠੇ ਖੜ੍ਹੀ ਹੋਈ, ਭਾਜਪਾ ਗਾਇਬ ਹੋ ਗਈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ 'ਚ ਭਾਜਪਾ ਕਿਤੇ ਨਹੀਂ ਦਿਸੇਗੀ, ਕਾਂਗਰਸ ਜਿੱਤੇਗੀ।