Jalandhar ''ਚ ਹੋ ਗਿਆ ਬਲੈਕਆਊਟ! DC ਨੇ ਕੀਤੀ ਸ਼ਹਿਰ ਵਾਸੀਆਂ ਨੂੰ ਅਪੀਲ

Wednesday, May 07, 2025 - 07:59 PM (IST)

Jalandhar ''ਚ ਹੋ ਗਿਆ ਬਲੈਕਆਊਟ! DC ਨੇ ਕੀਤੀ ਸ਼ਹਿਰ ਵਾਸੀਆਂ ਨੂੰ ਅਪੀਲ

ਜਲੰਧਰ : ਜਲੰਧਰ ਜ਼ਿਲ੍ਹੇ ਵਿਚ ਨਾਗਰਿਕ ਸੁਰੱਖਿਆ ਵਿਵਸਥਾ ਨੂੰ ਪਰਖਣ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਜਾਂਚਣ ਦੇ ਉਦੇਸ਼ ਨਾਲ 7 ਮਈ ਨੂੰ ਰਾਤ 8 ਵਜੇ ਤੋਂ 9 ਵਜੇ ਤਕ ਇਕ ਘੰਟੇ ਦੀ ਬਲੈਕਆਊਟ ਮੌਕ ਡ੍ਰਿਲ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਚੱਪੇ-ਚੱਪੇ ਉੱਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਮੌਕ ਡਰਿੱਲ ਤੇ ਬਲੈਕਆਉਟ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਜੰਗ ਦੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਉਣਾ ਹੈ। 

ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਕੀਤੀ ਵਿਸ਼ੇਸ਼ ਅਪੀਲ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਲੈਕਆਊਟ ਅਭਿਆਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਸਾਰੀਆਂ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਥੋਂ ਤਕ ਘਰਾਂ ਵਿਚ ਲੱਗੇ ਇਨਵਰਟਰ ਅਤੇ ਜੈਨਰੇਟਰ ਵੀ ਇਸ ਇਕ ਘੰਟੇ ਦੀ ਮਿਆਦ ਵਿਚ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਡਾ. ਅਗਰਵਾਲ ਨੇ ਵਿਸ਼ੇਸ਼ ਰੂਪ ਨਾਲ ਕਿਹਾ ਕਿ ਜੇਕਰ ਕਿਸੇ ਜ਼ਰੂਰੀ ਕਾਰਨ ਕਰ ਕੇ ਘਰ ਵਿਚ ਰੌਸ਼ਨੀ ਕਰਨੀ ਵੀ ਪਵੇ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਰੌਸ਼ਨੀ ਖਿੜਕੀ, ਦਰਵਾਜ਼ੇ ਜਾਂ ਹੋਰਨਾਂ ਸਥਾਨਾਂ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਈ ਘਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਅਤੇ ਜਾਂ ਸੈਂਸਰ ਆਧਾਰਿਤ ਲਾਈਟਾਂ ਹੁੰਦੀਆਂ ਹਨ, ਜਿਹੜੀਆਂ ਹਨ੍ਹੇਰਾ ਹੁੰਦੇ ਹੀ ਆਪਣੇ-ਆਪ ਚਾਲੂ ਹੋ ਜਾਂਦੀਆਂ ਹਨ। ਅਜਿਹੀਆਂ ਲਾਈਟਾਂ ਨੂੰ ਵੀ ਇਸ ਦੌਰਾਨ ਬੰਦ ਰੱਖਣ ਦੀ ਅਪੀਲ ਕੀਤੀ ਗਈ ਤਾਂ ਕਿ ਪੂਰਨ ਹਨ੍ਹੇਰੇ ਦੀ ਸਥਿਤੀ ਬਣਾਈ ਜਾ ਸਕੇ। 

ਡਾ. ਅਗਰਵਾਲ ਨੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਾਹਨਾਂ ਨੂੰ ਮੁੱਖ ਸੜਕਾਂ ’ਤੇ ਚਲਾਉਣ ਨੂੰ ਪ੍ਰਹੇਜ਼ ਕਰਨ ਨੂੰ ਕਿਹਾ। ਜੇਕਰ ਕਿਸੇ ਕਾਰਨ ਵਾਹਨ ਚਲਾ ਵੀ ਰਹੇ ਹੋ ਤਾਂ ਉਨ੍ਹਾਂ ਨੂੰ ਕਿਸੇ ਕੱਚੀ ਜਾਂ ਸੁਰੱਖਿਅਤ ਥਾਂ ’ਤੇ ਰੋਕ ਕੇ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ, ਇਸ ਨਾਲ ਸੜਕਾਂ ’ਤੇ ਕਿਸੇ ਤਰ੍ਹਾਂ ਦੀ ਰੌਸ਼ਨੀ ਪਹੁੰਚੇਗੀ ਅਤੇ ਬਲੈਕਆਊਟ ਦਾ ਪ੍ਰਭਾਵੀ ਅਭਿਆਸ ਹੋ ਸਕੇਗਾ।

ਆਫ਼ਤ ਪ੍ਰਬੰਧਨ ਅਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਹੋ ਰਿਹਾ ਅਭਿਆਸ
ਬਲੈਕਆਊਟ ਅਭਿਆਸ ਦਾ ਆਯੋਜਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਡਿਫੈਂਸ, ਪੁਲਸ ਅਤੇ ਬਿਜਲੀ ਵਿਭਾਗ ਦੇ ਤਾਲਮੇਲ ਨਾਲ ਕੀਤਾ ਜਾ ਰਿਹਾ ਹੈ। ਇਹ ਇਕ ਸਾਂਝੀ ਕੋਸ਼ਿਸ਼ ਹੈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੀ ਸਰਗਰਮ ਭੂਮਿਕਾ ਇਸ ਜ਼ਰੀਏ ਇਹ ਜਾਂਚ ਕੀਤੀ ਜਾਵੇਗੀ ਕਿ ਬਲੈਕਆਊਟ ਦੀ ਸਥਿਤੀ ਵਿਚ ਪ੍ਰਸ਼ਾਸਨਿਕ ਇਕਾਈਆਂ ਕਿੰਨੀਆਂ ਚੌਕਸ ਅਤੇ ਸਰਗਰਮ ਰਹਿੰਦੀਆਂ ਹਨ ਅਤੇ ਆਮ ਨਾਗਰਿਕਾਂ ਵਿਚ ਅਜਿਹੇ ਹਾਲਾਤ ਨੂੰ ਲੈ ਕੇ ਕਿੰਨੀ ਜਾਗਰੂਕਤਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।


author

Baljit Singh

Content Editor

Related News