ਰਸੋਈ ਗੈਸ ਖ਼ਪਤਕਾਰਾਂ ਨੂੰ ਕੇ. ਵਾਈ. ਸੀ ਕਰਵਾਉਣ ਦੀ ਅਪੀਲ
Sunday, May 11, 2025 - 05:12 PM (IST)

ਫ਼ਰੀਦਕੋਟ (ਜਸਬੀਰ ਕੌਰ ਜੱਸੀ) : ਇੰਡੇਨ ਗੈਸ ਏਜੰਸੀ ਵਲੋਂ ਗੈਸ ਕੁਨੈਕਸ਼ਨ ਧਾਰਕਾਂ ਲਈ ਕੇ. ਵਾਈ. ਸੀ ਜ਼ਰੂਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜੈਨ ਗੈਸ ਏਜੰਸੀ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਗੈਸ ਖ਼ਪਤਕਾਰ ਲਈ ਬਾਇਓਮੈਟ੍ਰਿਕ ਕੇ. ਵਾਈ. ਸੀ ਕਰਵਾਉਣੀ ਜ਼ਰੂਰੀ ਹੈ ਅਤੇ ਇਹ ਨਾ ਕਰਵਾਉਣ ’ਤੇ ਖ਼ਪਤਕਾਰ ਦਾ ਗੈਸ ਕੁਨੈਕਸ਼ਨ ਬੰਦ ਹੋ ਸਕਦਾ ਹੈ ਅਤੇ ਖ਼ਪਤਕਾਰ ਨੂੰ ਮਿਲਣ ਵਾਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਚੱਲ ਰਹੀ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਗੈਸ ਕੁਨੈਕਸ਼ਨਾਂ ’ਤੇ 322.79 ਰੁਪਏ ਅਤੇ ਹੋਰ ਕੁਨੈਕਸ਼ਨਾਂ ’ਤੇ 22.79 ਰੁਪਏ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ਪਤਕਾਰ ਵੱਲੋਂ ਕੇ. ਵਾਈ. ਸੀ ਨਹੀਂ ਕਰਵਾਈ ਜਾਂਦੀ ਤਾਂ ਸਬਸਿਡੀ ਬੰਦ ਹੋ ਜਾਵੇਗੀ ਅਤੇ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕੇ. ਵਾਈ. ਸੀ. ਕਰਵਾਉਣ ਲਈ ਖ਼ਪਤਕਾਰ ਗੈਸ ਏਜੰਸੀ ਦੇ ਦਫ਼ਤਰ ਵਿਖੇ ਆ ਕੇ ਕੇ. ਵਾਈ. ਸੀ. ਕਰਵਾਉਣ। ਉਨ੍ਹਾਂ ਕਿਹਾ ਕਿ ਹੁਣ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਗੈਸ ਦੀ ਬੁਕਿੰਗ ਆਨਲਾਈਨ ਹੋਇਆ ਕਰੇਗੀ ਅਤੇ ਗਾਹਕ ਨੂੰ ਡੀ. ਏ. ਸੀ. ਕੋਡ ਦੇਣ ਪਵੇਗਾ, ਜਿਸ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਸਪਲਾਈ ਮਿਲੇਗੀ।