ਸ਼ਿਵ ਭਗਤਾਂ ਲਈ ਖੁਸ਼ਖ਼ਬਰੀ! ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ ਅਪ੍ਰੈਲ ਤੋਂ ਹੋਵੇਗੀ ਸ਼ੁਰੂ
Friday, Mar 11, 2022 - 11:16 AM (IST)
ਜੰਮੂ ਕਸ਼ਮੀਰ (ਭਾਸ਼ਾ)- ਅਮਰਨਾਥ ਯਾਤਰਾ ਲਈ ਅਪ੍ਰੈਲ ਤੋਂ ਤੀਰਥ ਯਾਤਰੀਆਂ ਦੀ ਆਨਲਾਈਨ ਰਜਿਸਰਟੇਸ਼ਨ ਸ਼ੁਰੂ ਹੋਵੇਗੀ। ਸ਼੍ਰੀ ਅਮਰਨਾਥ ਸ਼ਰਾਇਣ ਬੋਰਡ (ਐੱਸ.ਏ.ਐੱਸ.ਬੀ.) ਨੇ ਵੀਰਵਾਰ ਰਾਤ ਇਹ ਐਲਾਨ ਕੀਤਾ। ਸ਼ਰਾਇਣ ਬੋਰਡ ਨੇ ਅਪ੍ਰੈਲ ਤੋਂ ਆਨਲਾਈਨ ਪ੍ਰਕਿਰਿਆ ਦੇ ਮਾਧਿਅਮ ਨਾਲ ਯਾਤਰਾ ਲਈ ਤੀਰਥ ਯਾਤਰੀਆਂ ਦਾ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੱਖਣੀ ਕਸ਼ਮੀਰ ਦੇ ਹਿਮਾਲਿਆ ਖੇਤਰ ਦੇ ਤੀਰਥ ਸਥਾਨ 'ਚ ਤੀਰਥ ਯਾਤਰੀਆਂ ਦੀ ਆਵਾਜਾਈ ਲਈ ਆਰ.ਐੱਫ.ਆਈ.ਡੀ. ਆਧਾਰਤ ਟ੍ਰੈਕਿੰਗ ਕੀਤੀ ਜਾਵੇਗੀ।
ਐੱਸ.ਏ.ਐੱਸ.ਬੀ. ਦੇ ਐਡੀਸ਼ਨਲ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਹੁਲ ਸਿੰਘ ਨੇ ਜੰਮੂ ਡਿਵੀਜ਼ਨ ਕਮਿਸ਼ਨਰ ਰਾਘਵ ਲੈਂਗਰ ਦੀ ਪ੍ਰਧਾਨਗੀ 'ਚ ਇਕ ਉੱਚ ਪੱਧਰੀ ਬੈਠਕ ਦੌਰਾਨ ਆਉਣ ਵਾਲੀ ਯਾਤਰਾ ਲਈ ਵਿਵਸਥਾ ਦੀ ਸਮੀਖਿਆ ਕਰਨ ਦੌਰਾਨ ਕਿਹਾ,''ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ ਅਪ੍ਰੈਲ 2022 ਦੇ ਮਹੀਨੇ 'ਚ 20 ਹਜ਼ਾਰ ਰਜਿਸਟਰੇਸ਼ਨ ਪ੍ਰਤੀ ਦਿਨ ਦੀ ਹੱਦ ਨਾਲ ਸ਼ੁਰੂ ਹੋਵੇਗਾ।'' ਉਨ੍ਹਾਂ ਕਿਹਾ ਕਿ ਯਾਤਰਾ ਦੇ ਦਿਨਾਂ 'ਚ ਤੈਅ ਕਾਊਂਟਰ 'ਤੇ ਓਨ ਸਪਾਟ (ਤੁਰੰਤ) ਰਜਿਸਟਰੇਸ਼ਨ ਵੀ ਕੀਤੇ ਜਾਣਗੇ। ਰਾਹੁਲ ਸਿੰਘ ਨੇ ਕਿਹਾ ਕਿ ਅਮਰਨਾਥ ਤੀਰਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਬੋਰਡ ਨੇ ਇਸ ਸਾਲ ਦੀ ਤੀਰਥ ਯਾਤਰਾ ਦੌਰਾਨ ਵਾਹਨਾਂ ਅਤੇ ਤੀਰਥ ਯਾਤਰੀਆਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਨੂੰ ਲੈ ਕੇ ਰੇਡੀਓ ਫਰੀਕਵੈਂਸੀ ਆਈਡੈਂਟੀਫਿਕੇਸ਼ਨ (ਆਰ.ਐੱਫ.ਆਈ.ਡੀ.) ਦੀ ਵਰਤੋਂ ਕਰਨ ਦਾ ਫ਼ੈਸਲਾ ਲਿਆ ਹੈ।