ਮੈਂਥਾ ਪਲਾਂਟ ਦੇ ਟੈਂਕ ਦੀ ਸਫ਼ਾਈ ਕਰਨ ਉਤਰੇ ਨੌਜਵਾਨ ਦੀ ਮੌਤ, ਦੋ ਦੀ ਹਾਲਤ ਗੰਭੀਰ
Wednesday, May 10, 2023 - 06:01 PM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਬੁੱਧਵਾਰ ਯਾਨੀ ਕਿ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਬਰੇਲੀ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਮੈਂਥਾ ਟੈਂਕ ਦੀ ਸਫਾਈ ਕਰਨ ਹੇਠਾਂ ਉਤਰੇ ਨੌਜਵਾਨ ਦੀ ਜ਼ਹਿਰੀਲੀ ਗੈਸ ਕਾਰਨ ਮੌਤ ਹੋ ਗਈ, ਜਦਕਿ ਦੋ ਹੋਰ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਰੇਲੀ ਦੇ ਪੁਲਸ ਸੁਪਰਡੈਂਟ ਰਾਜਕੁਮਾਰ ਅਗਰਵਾਲ ਨੇ ਦੱਸਿਆ ਕਿ ਆਂਵਲਾ ਥਾਣਾ ਖੇਤਰ ਦੇ ਭੀਮਪੁਰ ਪਿੰਡ ਤੋਂ ਇਕ ਕਿਲੋਮੀਟਰ ਦੂਰ ਚਕਰਪੁਰ 'ਚ ਜਮੁਨਾ ਪ੍ਰਸਾਦ ਦੇ ਪਿਤਾ ਦਾ ਮੇਂਥਾ ਟੈਂਕ ਹੈ।
ਕਮਰ ਡਾਂਡੀ ਪਿੰਡ ਦਾ ਵੀਰਪਾਲ ਆਪਣਾ ਮੈਂਥਾ ਦਾ ਤੇਲ ਕੱਢਵਾਉਣ ਲਈ ਮੈਂਥਾ ਲੈ ਕੇ ਆਇਆ ਸੀ। ਟੈਂਕ ਦੀ ਸਫਾਈ ਕਰਨ ਲਈ ਦੋ ਭਰਾ ਜਮੁਨਾ ਪ੍ਰਸਾਦ ਅਤੇ ਪ੍ਰੇਮ ਸ਼ੰਕਰਲਾਲ ਅਤੇ ਵੀਰਪਾਲ ਟੈਂਕ ਵਿਚ ਉਤਰੇ। ਟੈਂਕ ਵਿਚ ਜ਼ਹਿਰੀਲੀ ਗੈਸ ਦੇ ਚੱਲਦੇ ਤਿੰਨਾਂ ਦੀ ਸਿਹਤ ਵਿਗੜ ਗਈ। ਪਰਿਵਾਰ ਤਿੰਨਾਂ ਨੂੰ ਲੈ ਕੇ ਸਥਾਨਕ ਕਮਿਊਨਿਟੀ ਸਿਹਤ ਕੇਂਦਰ ਆਂਵਲਾ ਪਹੁੰਚੇ, ਜਿੱਥੇ ਡਾਕਟਰ ਨੇ ਜਮੁਨਾ ਪ੍ਰਸਾਦ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬੇਹੋਸ਼ੀ ਦੀ ਹਾਲਤ ਵਿਚ ਪ੍ਰੇਮ ਸ਼ੰਕਰਲਾਲ ਨੂੰ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਬੇਹੋਸ਼ ਵੀਰਪਾਲ ਆਂਵਲਾ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੋਹਾਂ ਦੀ ਹਾਲਤ ਗੰਭੀਰ ਹੈ।