ਹਿਮਾਚਲ ਪੁਲਸ ਕਾਂਸਟੇਬਲ ''ਚ ਭਰਤੀ ਹੋਣ ਲਈ ਨੌਜਵਾਨਾਂ ਲਈ ਹੋਇਆ ਅਹਿਮ ਐਲਾਨ
Tuesday, Jul 23, 2024 - 05:44 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਪੁਲਸ 'ਚ ਕਾਂਸਟੇਬਲ ਦੇ 1226 ਅਹੁਦਿਆਂ 'ਤੇ ਹੋਣ ਵਾਲੀ ਭਰਤੀ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਇਕ ਸਾਲ ਦੀ ਛੋਟ ਮਿਲੇਗੀ। ਕੈਬਨਿਟ ਦੀ ਬੈਠਕ 'ਚ ਲਏ ਗਏ ਫ਼ੈਸਲੇ ਮੁਤਾਬਕ ਪੁਲਸ ਹੈੱਡਕੁਆਰਟਰ ਵਲੋਂ ਇਸ ਨੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕਾਂਸਟੇਬਲ ਭਰਤੀ ਲੋਕ ਸੇਵਾ ਕਮਿਸ਼ਨ ਜ਼ਰੀਏ ਹੋਵੇਗੀ। ਕਮਿਸ਼ਨ ਨੂੰ ਇਸ ਬਾਰੇ ਪ੍ਰਸਤਾਵ ਭੇਜਿਆ ਗਿਆ ਹੈ। ਹੁਣ 18 ਤੋਂ 26 ਸਾਲ ਦੀ ਉਮਰ ਵਰਗ ਦੇ ਆਮ ਉਮੀਦਵਾਰ, 18 ਤੋਂ 28 ਸਾਲ ਦੀ ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ, ਹੋਰ ਪਿਛੜਾ ਵਰਗ (OBC), ਗੋਰਖਾ ਅਤੇ ਨਾਮਵਰ ਖਿਡਾਰੀ ਅਤੇ 20 ਤੋਂ 29 ਸਾਲ ਦੀ ਉਮਰ ਦੇ ਹੋਮ ਗਾਰਡ ਕਾਂਸਟੇਬਲ ਭਰਤੀ ਲਈ ਯੋਗ ਹੋਣਗੇ।
ਭਰਤੀ 'ਚ 1 ਜਨਵਰੀ 2024 ਦੇ ਆਧਾਰ 'ਤੇ ਉਮੀਦਵਾਰਾਂ ਦੀ ਉਮਰ ਨੂੰ ਗਿਣਿਆ ਜਾਵੇਗਾ। ਭਰਤੀ ਵਿਚ ਹੁਣ ਔਰਤਾਂ ਨੂੰ 30 ਫ਼ੀਸਦੀ ਰਾਂਖਵਾਕਰਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਹਿਲਾਂ ਔਰਤਾਂ ਲਈ 25 ਫ਼ੀਸਦੀ ਰਾਂਖਵਾਕਰਨ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੋਈ ਕੈਬਨਿਟ ਦੀ ਬੈਠਕ ਵਿਚ ਕਾਂਸਟੇਬਲ ਦੀ ਭਰਤੀ 'ਚ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਇਕ ਸਾਲ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।
ਪਿਛਲੀ ਪੁਲਸ ਭਰਤੀ ਦੌਰਾਨ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਇਸ ਵਾਰ ਪੁਲਸ ਵਿਭਾਗ ਨੇ ਭਰਤੀ ਪ੍ਰੀਖਿਆ ਲੋਕ ਸੇਵਾ ਕਮਿਸ਼ਨ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਵਾਰ ਗਰਾਊਂਡ ਟੈਸਟ ਵਿਚ 100 ਮੀਟਰ ਦੌੜ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਪੁਲਸ ਸਿਖਲਾਈ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ ਚਾਰ ਹਫ਼ਤਿਆਂ ਦਾ ਕਮਾਂਡੋ ਕੋਰਸ ਵੀ ਕਰਵਾਇਆ ਜਾਵੇਗਾ।