ਦੇਸ਼ ’ਚ ਆਪ੍ਰੇਸ਼ਨ ਰਾਹੀਂ ਹੁੰਦੈ ਹਰ 5 ’ਚੋਂ ਇਕ ਬੱਚੇ ਦਾ ਜਨਮ : ਅਧਿਐਨ
Friday, Dec 06, 2024 - 09:50 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ ਵਿਚ ਹਰ 5 ਵਿਚੋਂ ਇਕ ਬੱਚੇ ਦਾ ਜਨਮ ਆਪ੍ਰੇਸ਼ਨ ਰਾਹੀਂ ਹੁੰਦਾ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਸਰਜਰੀਆਂ ਸਰਕਾਰੀ ਸਿਹਤ ਕੇਂਦਰਾਂ ਦੇ ਮੁਕਾਬਲੇ ਨਿੱਜੀ ਸਿਹਤ ਕੇਂਦਰਾਂ ਵਿਚ ਕੀਤੀਆਂ ਜਾਂਦੀਆਂ ਹਨ। ਇਹ ਜਾਣਕਾਰੀ ‘ਦਿ ਲੈਂਸੇਟ ਰੀਜਨਲ ਹੈਲਥ-ਸਾਊਥ ਈਸਟ ਏਸ਼ੀਆ ਜਰਨਲ’ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਸਾਹਮਣੇ ਆਈ ਹੈ।
ਇਸ ਅਧਿਐਨ ਵਿਚ ਨਵੀਂ ਦਿੱਲੀ ਸਥਿਤ ‘ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ’ ਦੇ ਖੋਜਕਰਤਾਵਾਂ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ (2019-2021) ਦੇ 5ਵੇਂ ਦੌਰ ਵਿਚ ਇਕੱਤਰ ਕੀਤੇ ਗਏ 15 ਤੋਂ 49 ਸਾਲ ਦੀਆਂ 7.2 ਲੱਖ ਤੋਂ ਵੱਧ ਔਰਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਵੱਖ-ਵੱਖ ਰਾਜਾਂ ਵਿਚ ‘ਸਿਜ਼ੇਰੀਅਨ’ ਜਾਂ ‘ਸੀ-ਸੈਕਸ਼ਨ’ ਜਣੇਪੇ ਦੀ ਦਰ ਵਿਚ ਕਾਫ਼ੀ ਫਰਕ ਪਾਇਆ ਗਿਆ। ਨਾਗਾਲੈਂਡ ਵਿਚ ਇਹ ਫਰਕ 5.2 ਫੀਸਦੀ ਹੈ ਅਤੇ ਤੇਲੰਗਾਨਾ ਵਿਚ 60.7 ਫੀਸਦੀ ਤੱਕ ਹੈ।
ਖੋਜਕਰਤਾਵਾਂ ਨੇ ਦੱਸਿਆ ਕਿ ਅਧਿਐਨ ਤੋਂ ਸਿੱਟਾ ਨਿਕਲਿਆ ਕਿ ਭਾਰਤ ਵਿਚ ਉੱਚ ਆਮਦਨ ਵਾਲੇ ਅਤੇ ਘੱਟ ਆਮਦਨ ਵਾਲੇ ਸਮੂਹਾਂ ਵਲੋਂ ਸਰਕਾਰੀ ਸਹੂਲਤਾਂ ਦੇ ਮੁਕਾਬਲੇ ਨਿੱਜੀ ਸਹੂਲਤਾਂ ’ਤੇ ਆਪ੍ਰੇਸ਼ਨ ਨਾਲ ਜਣੇਪਾ ਕਰਵਾਉਣ ਦੀ ਜ਼ਿਆਦਾ ਸੰਭਾਵਨਾ ਹੈ।