ਜੰਮੂ ’ਚ 100 ਕਰੋੜ ਦੀ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ

Saturday, Nov 27, 2021 - 03:26 PM (IST)

ਜੰਮੂ ’ਚ 100 ਕਰੋੜ ਦੀ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ

ਜੰਮੂ- ਨਾਰਕੋ-ਟੈਰੋਰਿਜ਼ਮ ਵਿਰੁੱਧ ਜੰਮੂ ਕਸ਼ਮੀਰ ਪੁਲਸ ਨੇ ਇਕ ਹੋਰ ਵੱਡਾ ਹਮਲਾ ਕਰਦੇ ਹੋਏ 52 ਕਿਲੋ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਜਨਰਲ ਡਾਇਰੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਵੱਡੇ ਪੈਮਾਨੇ ’ਤੇ ਕੀਤੇ ਜਾਣ ਵਾਲੇ ਨਾਰਕੋ-ਟੈਰੋਰਿਜ਼ਮ ਦੇ ਯਤਨਾਂ ਨੂੰ ਹਰ ਵਾਰ ਅਸਫ਼ਲ ਬਣਾ ਦਿੱਤਾ ਜਾਂਦਾ ਰਿਹਾ ਹੈ। ਪਾਕਿਸਤਾਨ ਜੰਮੂ ਕਸ਼ਮੀਰ ਅਤੇ ਪੰਜਾਬ ਵਿਚ ਨਾਰਕੋ-ਟੈਰੋਰਿਜ਼ਮ ਨੂੰ ਹਵਾ ਦੇ ਕੇ ਇਸ ਤੋਂ ਆਉਣ ਵਾਲੇ ਪੈਸੇ ਨੂੰ ਦੇਸ਼ ਵਿਚ ਅੱਤਵਾਦੀ ਸਰਗਰਮੀਆਂ ਫੈਲਾਉਣ ਦਾ ਯਤਨ ਕਰਦਾ ਹੈ। ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਝੱਜਰ ਕੋਟਲੀ ਪੁਲਸ ਨੇ ਪੁਖ਼ਤਾ ਸੂਚਨਾ ਦੇ ਆਧਾਰ ’ਤੇ ਹਾਈਵੇਅ ’ਤੇ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ। 

ਇਸ ਦੌਰਾਨ ਸ਼੍ਰੀਨਗਰ ਤੋਂ ਜੰਮੂ ਵੱਲ ਆ ਰਹੇ ਹਰਿਆਣਾ ਨੰਬਰ ਦੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਵਾਹਨ ਭਜਾ ਲਿਆ ਅਤੇ ਕੁਝ ਦੂਰ ਜਾ ਕੇ ਚਾਲਕ ਟਰੱਕ ਛੱਡ ਕੇ ਭੱਜ ਗਿਆ, ਜਦੋਂ ਕਿ ਸਹਿ-ਚਾਲਕ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਤਲਾਸ਼ੀ ਦੌਰਾਨ ਟਰੱਕ ’ਚੋਂ 52 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਬਾਜ਼ਾਰ ਵਿਚ ਕੀਮਤ ਲਗਭਗ 100 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਨਸ਼ੇ ਦੀ ਖੇਪ ਸ਼੍ਰੀਨਗਰ ਤੋਂ ਪੰਜਾਬ ਵੱਲ ਲਿਆਂਦੀ ਜਾ ਰਹੀ ਸੀ। ਮੁਕੇਸ਼ ਸਿੰਘ ਅਨੁਸਾਰ ਚਾਲਕ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

DIsha

Content Editor

Related News