ਚੋਰੀ ਦੇ ਸ਼ੱਕ ''ਚ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਹੋਸਟਲ ''ਚ ਜੁੱਤੀਆਂ ਦੀ ਮਾਲਾ ਪਹਿਨਾ ਕੇ ਘੁਮਾਇਆ ਗਿਆ
Wednesday, Dec 07, 2022 - 02:56 PM (IST)
ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਇਕ ਹੋਸਟਲ ਸੁਪਰਡੈਂਟ ਵਲੋਂ ਪੈਸੇ ਚੋਰੀ ਕਰਨ ਦੇ ਸ਼ੱਕ 'ਚ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਜੁੱਤੀਆਂ ਦੀ ਮਾਲਾ ਪਹਿਨਾ ਕੇ ਹੋਸਟਲ 'ਚ ਘੁੰਮਾਇਆ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪਿਛਲੇ ਹਫ਼ਤੇ ਪਿੰਡ ਦਮਜੀਪੁਰਾ ਦੇ ਸਰਕਾਰੀ ਆਦਿਵਾਸੀ ਕੁੜੀਆਂ ਦੇ ਹੋਸਟਲ 'ਚ ਵਾਪਰੀ। ਇਸ ਸਬੰਧੀ ਸ਼ਿਕਾਇਤ ਕਰਨ ਲਈ ਕੁੜੀ ਦੇ ਰਿਸ਼ਤੇਦਾਰ ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਅਮਨਵੀਰ ਸਿੰਘ ਬੈਂਸ ਦੇ ਦਫ਼ਤਰ ਪੁੱਜੇ। ਸ਼ਿਕਾਇਤ 'ਤੇ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਆਦਿਵਾਸੀ ਮਾਮਲਿਆਂ ਦੇ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੋਸਟਲ ਦੀ ਮਹਿਲਾ ਸੁਪਰਡੈਂਟ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : BSF ਨੇ ਰਾਜਸਥਾਨ 'ਚ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
ਕੁੜੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਕੁੜੀ ਦਮਜੀਪੁਰਾ 'ਚ ਕਬਾਇਲੀ ਮਾਮਲੇ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਸਟਲ 'ਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਦੇ ਚਿਹਰੇ 'ਤੇ ਭੂਤ-ਪ੍ਰੇਤ ਵਰਗਾ ਮੇਕਅੱਪ ਕੀਤਾ ਗਿਆ ਸੀ ਅਤੇ ਸੁਪਰਡੈਂਟ ਨੇ ਉਸ ਨੂੰ ਜੁੱਤੀਆਂ ਦੇ ਹਾਰ ਪਾ ਦਿੱਤੇ ਅਤੇ ਇਕ ਹੋਰ ਕੁੜੀ ਦੇ 400 ਰੁਪਏ ਚੋਰੀ ਕਰਨ ਦੇ ਦੋਸ਼ ਵਿਚ ਹੋਸਟਲ ਦੇ ਚਾਰੇ ਪਾਸੇ ਉਸ ਦੀ ਪਰੇਡ ਕੀਤੀ। ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਕੁੜੀ ਹੋਸਟਲ ਵਿਚ ਰਹਿਣ ਲਈ ਤਿਆਰ ਨਹੀਂ ਸੀ। ਕਬਾਇਲੀ ਮਾਮਲੇ ਵਿਭਾਗ ਦੀ ਸਹਾਇਕ ਕਮਿਸ਼ਨਰ ਸ਼ਿਲਪਾ ਜੈਨ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਹੋਸਟਲ ਸੁਪਰਡੈਂਟ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਇਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ