ਪੱਖ ’ਚ ਫੈਸਲਾ ਨਾ ਸੁਣਾਉਣ ’ਤੇ ਵਕੀਲ ਨੇ ਜੱਜ ਨੂੰ ਕਿਹਾ-‘ਜਾ ਤੈਨੂੰ ਕੋਰੋਨਾ ਵਾਇਰਸ ਲੱਗ ਜਾਵੇ’

04/07/2020 9:10:59 PM

ਕੋਲਕਾਤਾ (ਭਾਸ਼ਾ)–ਆਪਣੇ ਪੱਖ ਵਿਚ ਫੈਸਲਾ ਨਾ ਆਉਣ ’ਤੇ ਇਕ ਵਕੀਲ ਨੇ ਕਲਕੱਤਾ ਹਾਈ ਕੋਰਟ ਦੇ ਇਕ ਜੱਜ ਨੂੰ ਕਿਹਾ,‘‘ਜਾ ਤੈਨੂੰ ਕੋਰੋਨਾ ਵਾਇਰਸ ਲੱਗ ਜਾਵੇ।’’ ਵਕੀਲ ਦੇ ਇਸ ਬੁਰੇ ਵਿਵਹਾਰ ਤੋਂ ਨਾਰਾਜ਼ ਜੱਜ ਨੇ ਉਸ ਖਿਲਾਫ ਅਦਾਲਤੀ ਉਲੰਘਣਾ ਦੀ ਕਾਰਵਾਈ ਕੀਤੀ ਹੈ। ਜੱਜ ਦੀਪਾਂਕਰ ਦੱਤਾ ਨੇ ਅਦਾਲਤ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਿਚ ਅਸਫਲ ਰਹਿਣ ਅਤੇ ਇਸ ਪੇਸ਼ੇ ਦੇ ਮੈਂਬਰ ਦੇ ਹਿਸਾਬ ਨਾਲ ਵਿਵਹਾਰ ਨਾ ਕਰਨ ’ਤੇ ਵਕੀਲ ਵਿਜੇ ਅਧਿਕਾਰੀ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਨੋਟਿਸ ਭੇਜੇ ਜਾਣ ਦੀ ਤਰੀਕ ਦੇ 15 ਦਿਨਾਂ ਅੰਦਰ ਉਲੰਘਣਾ ਨਿਯਮ ਤਹਿਤ ਜਵਾਬ ਦੇਣ ਨੂੰ ਕਿਹਾ ਹੈ। ਜੱਜ ਸ਼੍ਰੀ ਦੱਤਾ ਨੇ ਇਹ ਹੁਕਮ ਵੀ ਦਿੱਤਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਅਦਾਲਤ ਖੁੱਲ੍ਹੇਗੀ ਤਾਂ ਇਹ ਮਾਮਲਾ ਉਚਿਤ ਬੈਂਚ ਵਲੋਂ ਸੁਣਿਆ ਜਾਵੇਗਾ, ਜਿਸ ਕੋਲ ਅਧਿਕਾਰਤ ਉਲੰਘਣਾ ਦੇ ਮਾਮਲੇ ਸੁਣਨ ਦਾ ਅਧਿਕਾਰ ਹੋਵੇਗਾ। ਹੋਇਆ ਇੰਝ ਕਿ ਉਕਤ ਵਕੀਲ ਨੇ ਕਰਜ਼ ਅਦਾਇਗੀ ਨਾ ਕਰਨ ’ਤੇ ਇਕ ਰਾਸ਼ਟਰੀ ਬੈਂਕ ਵਲੋਂ ਉਸਦੇ ਮੁਵਕਿਲ ਦੀ ਬੱਸ ਨਿਲਾਮੀ ’ਤੇ ਰੋਕ ਲਗਾਉਣ ਦੀ ਪਟੀਸ਼ਨ ਜੱਜ ਦੱਤਾ ਦੀ ਅਦਾਲਤ ਵਿਚ ਦਿੱਤੀ ਸੀ। ਇਸ ਬੱਸ ਦੇ 15 ਜਨਵਰੀ ਨੂੰ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਤੋਂ ਬਾਅਦ ਅਦਾਲਤ ਨੇ ਇਸ ’ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਹ ਵਾਕਿਆ ਹੋਇਆ।


Sunny Mehra

Content Editor

Related News