ਦਿੱਲੀ ’ਚ ਡਿਊਟੀ ’ਤੇ ਤਾਇਨਾਤ ਸਬ-ਇੰਸਪੈਕਟਰ ਨੂੰ ਕਾਰ ਨੇ ਕੁਚਲਿਆ, ਮੌਤ
Sunday, Jan 15, 2023 - 11:31 AM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ ਦੀ ਰਾਜਧਾਨੀ ’ਚ ਇੱਕ ਕਾਰ ਨੇ ਦਿੱਲੀ ਪੁਲਸ ਦੇ ਇਕ ਸਬ-ਇੰਸਪੈਕਟਰ ਨੂੰ ਕੁਚਲ ਦਿੱਤਾ। ਸਬ-ਇੰਸਪੈਕਟਰ 31 ਜਨਵਰੀ ਨੂੰ ਸੇਵਾ-ਮੁਕਤ ਹੋਣ ਵਾਲਾ ਸੀ। ਪੁਲਸ ਮੁਤਾਬਕ ਹਾਦਸਾ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਰਿੰਗ ਰੋਡ ’ਤੇ ਰਾਜ ਘਾਟ ਅਤੇ ਸ਼ਾਂਤੀ ਵਨ ਦੇ ਵਿਚਾਲੇ ਹੋਇਆ।
ਡੀ. ਸੀ. ਪੀ. (ਸੈਂਟਰਲ) ਸ਼ਵੇਤਾ ਚੌਹਾਨ ਨੇ ਦੱਸਿਆ ਕਿ ਸਬ-ਇੰਸਪੈਕਟਰ ਲਤੂਰ ਸਿੰਘ (59) ਚਾਂਦਨੀ ਮਹਿਲ ਥਾਣੇ ’ਚ ਤਾਇਨਾਤ ਸੀ ਅਤੇ ਘਟਨਾ ਸਮੇਂ ਡਿਊਟੀ ’ਤੇ ਸੀ। ਸਿੰਘ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਸ਼ਹਿਰ ਦੇ ਦਿਆਲਪੁਰ ਇਲਾਕੇ ’ਚ ਰਹਿੰਦੇ ਹਨ।
ਪੁਲਸ ਨੇ ਦੱਸਿਆ ਕਿ ਦਰਿਆਗੰਜ ਥਾਣੇ ’ਚ ਆਈ. ਪੀ. ਸੀ. ਦੀ ਧਾਰਾ 279 (ਤੇਜ਼ ਰਫਤਾਰ ’ਚ ਗੱਡੀ ਚਲਾਉਣਾ) ਅਤੇ 304ਏ (ਲਾਪਰਵਾਹੀ ਨਾਲ ਮੌਤ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ’ਚ ਇਕ ਚਿੱਟੇ ਰੰਗ ਦੀ ਹੁੰਡਈ ਆਈ-10 ਕਾਰ ਨੂੰ ਜ਼ਬਤ ਕਰ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡਰਾਈਵਰ ਦੀ ਪਛਾਣ 34 ਸਾਲਾ ਸ਼ੋਕੇਂਦਰ ਵਜੋਂ ਹੋਈ ਹੈ। ਹਰਿਆਣਾ ਦੇ ਸੋਨੀਪਤ ਦੇ ਨਾਹਾਰੀ ਪਿੰਡ ਨਿਵਾਸੀ ਸ਼ੋਕੇਂਦਰ ਇਕ ਬੈਂਕ ’ਚ ਕੰਮ ਕਰਦਾ ਹੈ।