ਨਿਤੀਸ਼ ਅਤੇ ਰਾਹੁਲ ਦੀ ਮੁਲਾਕਾਤ ਦੀ ਪੁਰਾਣੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ
Monday, Oct 14, 2024 - 04:35 PM (IST)
ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਜਦ ਆਗੂ ਤੇਜਸਵੀ ਯਾਦਵ ਵੀ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦੋਹਾਂ ਨੇਤਾਵਾਂ ਦੀ ਹਾਲ ਹੀ ਵਿਚ ਹੋਈ ਮੁਲਾਕਾਤ ਦੀ ਹੈ। ਯੂਜ਼ਰਸ ਇਸ ਤਸਵੀਰ ਜ਼ਰੀਏ ਦੇਸ਼ ਦੇ ਸਿਆਸੀ ਦ੍ਰਿਸ਼ 'ਚ ਬਦਲਾਅ ਦੀ ਸੰਭਾਵਨਾ ਜ਼ਾਹਰ ਕਰ ਰਹੇ ਹਨ।
ਪੀ. ਟੀ. ਆਈ. ਫੈਕਟ ਚੈੱਕ ਡੈਸਕ ਦੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਨਿਕਲਿਆ। ਅਸਲ ਵਿਚ ਵਾਇਰਲ ਤਸਵੀਰ ਅਪ੍ਰੈਲ 2023 ਦੀ ਹੈ। ਉਦੋਂ ਨਿਤੀਸ਼ ਕੁਮਾਰ ਮਹਾਗਠਜੋੜ ਦਾ ਹਿੱਸਾ ਸਨ ਅਤੇ ਲੋਕ ਸਭਾ ਚੋਣਾਂ 2024 ਵਿਚ ਵਿਰੋਧੀ ਇਕਜੁੱਟਤਾ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਸਨ। ਹਾਲਾਂਕਿ ਬਾਅਦ ਵਿਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਿਤੀਸ਼ ਕੁਮਾਰ ਦੀ ਪਾਰਟੀ NDA ਗਠਜੋੜ ਵਿਚ ਸ਼ਾਮਲ ਹੋ ਗਈ। ਇਹ ਤਸਵੀਰ ਨਵੀਂ ਦਿੱਲੀ ਵਿਚ ਖੜਗੇ ਦੀ ਰਿਹਾਇਸ਼ 'ਤੇ ਆਯੋਜਿਤ ਵਿਰੋਧੀ ਧਿਰ ਦੇ ਨੇਤਾਵਾਂ ਦੀ ਇਕ ਬੈਠਕ ਦੀ ਹੈ।
ਪੁਰਾਣੀ ਅਤੇ ਗੈਰ-ਸੰਬੰਧਿਤ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਝੂਠੇ ਦਾਅਵੇ ਨਾਲ ਸਾਂਝਾ ਕੀਤਾ ਗਿਆ ਸੀ ਕਿ ਇਹ ਹਾਲ ਹੀ ਦੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਹਰਿਆਣਾ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਦਾ ਕੀ ਮਤਲਬ ਹੋ ਸਕਦਾ ਹੈ? ਖੇਲਾ ਹੋਵੇਗਾ? ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਅਜਿਹੇ ਹੀ ਦਾਅਵਿਆਂ ਨਾਲ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵੇ ਦੀ ਪੁਸ਼ਟੀ ਕਰਨ ਲਈ ਡੈਸਕ ਨੇ ਗੂਗਲ ਲੈਂਜ਼ ਵਲੋਂ ਤਸਵੀਰ ਦੀ ਖੋਜ ਕੀਤੀ। ਸਾਨੂੰ ਇਹ ਤਸਵੀਰ 14 ਅਪ੍ਰੈਲ 2023 ਦੀ ‘ਟਾਈਮਜ਼ ਨਾਓ ਹਿੰਦੀ’ ਦੀ ਰਿਪੋਰਟ ਵਿਚ ਮਿਲੀ ਹੈ।
ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਤਸਵੀਰ ਹਾਲ ਦੀ ਨਹੀਂ ਬਲਕਿ ਅਪ੍ਰੈਲ 2023 ਦੀ ਹੈ। ਯੂਜ਼ਰਸ ਹੁਣ ਪੁਰਾਣੀ ਤਸਵੀਰ ਨੂੰ ਝੂਠੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੇ ਕਿਸੇ ਵੀ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਵਟਸਐਪ ਨੰਬਰ +91-8130503759 'ਤੇ ਪੀਟੀਆਈ ਫੈਕਟ ਚੈੱਕ ਡੈਸਕ ਨਾਲ ਸੰਪਰਕ ਕਰੋ।