ਕੇਰਲ ਕਾਂਗਰਸ ਦੀ ਬੈਠਕ ''ਚ ਸ਼ਾਮਲ ਨਹੀਂ ਹੈ ਸ਼ਸ਼ੀ ਥਰੂਰ, ਦਾਅਵਾ- ਰਾਹੁਲ ਗਾਂਧੀ ਤੋਂ ਹਨ ਨਾਰਾਜ਼
Friday, Jan 23, 2026 - 05:50 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ 'ਤੇ ਚਰਚਾ ਲਈ ਸ਼ੁੱਕਰਵਾਰ ਨੂੰ ਰਾਜ ਨਾਲ ਜੁੜੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ ਪਰ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਅਤੇ ਪ੍ਰਦੇਸ਼ ਦੇ ਕਈ ਹੋਰ ਨੇਤਾਵਾਂ ਦੇ ਰਵੱਈਏ ਤੋਂ ਨਾਰਾਜ਼ਗੀ ਕਾਰਨ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਇਸ 'ਚ ਸ਼ਾਮਲ ਨਹੀਂ ਹੋਏ। ਖੜਗੇ ਦੀ ਰਿਹਾਇਸ਼ '10ਰਾਜਾਜੀ ਮਾਰਗ' 'ਤੇ ਹੋਈ ਬੈਠਕ 'ਚ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪ੍ਰਦੇਸ਼ ਇੰਚਾਰਜ ਦੀਪਾ ਦਾਸਮੁੰਸ਼ੀ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਨੀ ਜੋਸੇਫ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ, ਸੀਨੀਅਰ ਨੇਤਾ ਰਮੇਸ਼ ਚੇਨਿੰਥਲਾ ਅਤੇ ਕਈ ਹੋਰ ਨੇਤਾ ਸ਼ਾਮਲ ਹੋਏ।
ਤਿਰੁਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ ਇਸ ਬੈਠਕ 'ਚ ਸ਼ਾਮਲ ਨਹੀਂ ਹੋਏ। ਥਰੂਰ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੇ ਕੋਝੀਕੋਡ 'ਚ ਕੇਰਲ ਸਾਹਿਤ ਮਹਾਉਤਸਵ 'ਚ ਆਪਣੀਆਂ ਵਚਨਬੱਧਤਾਵਾਂ ਕਾਰਨ ਬੈਠਕ 'ਚ ਸ਼ਾਮਲ ਹੋਣ 'ਚ ਅਸਮਰੱਥਾ ਬਾਰੇ ਪਾਰਟੀ ਨੂੰ ਸੂਚਿਤ ਕਰ ਦਿੱਤਾ ਸੀ। ਹਾਲਾਂਕਿ ਬੈਠਕ ਤੋਂ ਪਹਿਲਾਂ ਥਰੂਰ ਦੇ ਕਰੀਬੀ ਸੂਤਰਾਂ ਨੇ ਕਿਹਾ ਕਿ ਉਹ ਬੈਠਕ 'ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਹ ਇਸ ਗੱਲ ਤੋਂ 'ਦੁਖੀ' ਹਨ ਕਿ ਰਾਹੁਲ ਗਾਂਧੀ ਨੇ ਹਾਲ 'ਚ ਕੋਚੀ 'ਚ ਇਕ ਪ੍ਰੋਗਰਾਮ ਦੌਰਾਨ ਮੰਚ 'ਤੇ ਉਨ੍ਹਾਂ ਦੇ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਅਤੇ ਰਾਜ ਦੇ ਨੇਤਾਵਾਂ ਵਲੋਂ ਵਾਰ-ਵਾਰ ਉਨ੍ਹਾਂ ਨੂੰ 'ਦਰਕਿਨਾਰ' ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਉਣ ਵਾਲੀ ਮਾਰਚ-ਅਪ੍ਰੈਲ ਮਹੀਨੇ 'ਚ ਕੇਰਲ 'ਚ ਵਿਧਾਨ ਸਭਾ ਚੋਣਾਂ ਸੰਭਾਵਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
