ਤਾਮਿਲਨਾਡੂ ਵਿਧਾਨ ਸਭਾ ਚੋਣਾਂ, ਰਾਹੁਲ ਤੇ ਕਣੀਮੋਝੀ ਦੀ ਹੋਈ ਮੁਲਾਕਾਤ, ਸੀਟਾਂ ਦੀ ਵੰਡ ’ਤੇ ਡੈੱਡਲਾਕ ਜਾਰੀ
Wednesday, Jan 28, 2026 - 11:24 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਡੀ. ਐੱਮ. ਕੇ. ਦੀ ਆਗੂ ਕਣੀਮੋਝੀ ਨੇ ਬੁੱਧਵਾਰ ਮੁਲਾਕਾਤ ਕੀਤੀ ਪਰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ 'ਤੇ ਕੋਈ ਸਮਝੌਤਾ ਨਹੀਂ ਹੋਇਆ। ਡੈੱਡਲਾਕ ਜਾਰੀ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਦੇ ਨਿਵਾਸ 10, ਜਨਪਥ ਵਿਖੇ ਹੋਈ ਮੀਟਿੰਗ ਦੌਰਾਨ ਸੀਟਾਂ ਦੀ ਵੰਡ ’ਤੇ ਕੋਈ ਚਰਚਾ ਨਹੀਂ ਹੋਈ।
ਦੋਵਾਂ ਨੇਤਾਵਾਂ ਨੇ ਉਨ੍ਹਾਂ ਮੁੱਦਿਆਂ ’ਤੇ ਹੀ ਚਰਚਾ ਕੀਤੀ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਕਾਂਗਰਸ ਲਈ ਸੀਟਾਂ ਦੀ ਗਿਣਤੀ ’ਤੇ ਚਰਚਾ ਨਹੀਂ ਕੀਤੀ ਗਈ। ਕਾਂਗਰਸ ਦੀ ਤਾਮਿਲਨਾਡੂ ਇਕਾਈ ਦੇ ਨੇਤਾ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਘੱਟੋ-ਘੱਟ 30 ਸੀਟਾਂ ’ਤੇ ਚੋਣ ਲੜਨ ਤੇ ਸੱਤਾ ’ਚ ਨਿਰਪੱਖ ਹਿੱਸਾ ਚਾਹੁੰਦੇ ਹਨ ਪਰ ਡੀ. ਐੱਮ. ਕੇ. ਕਾਂਗਰਸ ਨੂੰ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਹੈ।
ਕਾਂਗਰਸ ਨੇ 2021 ’ਚ 25 ਸੀਟਾਂ ’ਤੇ ਚੋਣ ਲੜੀ ਸੀ। ਡੀ. ਐੱਮ. ਕੇ. ਨੇਤਾ ਤੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਕਾਂਗਰਸ ਦੀ ਲੀਡਰਸ਼ਿਪ ਨਾਲ ਚੰਗੇ ਸਬੰਧ ਹਨ, ਇਸ ਲਈ ਇਹ ਮੁੱਦਾ ਜਲਦੀ ਹੀ ਹੱਲ ਹੋਣ ਦੀ ਉਮੀਦ ਹੈ।ਤਾਮਿਲਨਾਡੂ ਦੇ ਕੁਝ ਕਾਂਗਰਸੀ ਆਗੂ ਅਭਿਨੇਤਾ ਵਿਜੇ ਦੀ ਪਾਰਟੀ ਤਾਮਿਲਨਾਗਾ ਵੇਟੀ ਕਜ਼ਾਗਮ (ਟੀ. ਵੀ. ਕੇ.) ਨੂੰ ਵੀ ਗੱਠਜੋੜ ਦੇ ਬਦਲ ਵਜੋਂ ਵਿਚਾਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਲੀਡਰਸ਼ਿਪ ਡੀ. ਐੱਮ.ਕੇ. ਨਾਲ ਚੋਣਾਂ ਲੜਨ ਲਈ ਉਤਸੁਕ ਹੈ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਅਪ੍ਰੈਲ-ਮਈ ’ਚ ਹੋਣ ਦੀ ਉਮੀਦ ਹੈ।
