ਆਫ ਡਿਊਟੀ ਨਰਸ ਨੇ ਜਹਾਜ਼ ''ਚ ਮਹਿਲਾ ਦੀ ਕਰਾਈ ਡਿਲੀਵਰੀ, ਮਿਲਿਆ ਇਹ ਤੋਹਫਾ
Monday, Jan 22, 2018 - 06:50 PM (IST)

ਨਵੀਂ ਦਿੱਲੀ— ਸਾਊਦੀ ਅਰਬ ਤੋਂ ਭਾਰਤ ਆ ਰਹੇ ਜੈੱਟ ਏਅਰਵੇਜ਼ ਦੇ ਇਕ ਜਹਾਜ਼ 'ਚ ਉਡਾਨ ਦੌਰਾਨ 35 ਹਜ਼ਾਰ ਫੁੱਟ ਦੀ ਉਚਾਈ 'ਤੇ ਆਫ ਡਿਊਟੀ ਨਰਸ ਨੇ ਇਕ ਮਹਿਲਾ ਦੀ ਡਿਲੀਵਰੀ ਕਰਾਈ। ਜਿਸ ਕਾਰਨ ਇਸ ਮਾਮਲੇ ਤੋਂ ਜੈੱਟ ਏਅਰਵੇਜ਼ ਕਾਫੀ ਖੁਸ਼ ਹੈ ਅਤੇ ਉਸ ਨੇ ਐਲਾਨ ਕੀਤਾ ਹੈ ਕਿ ਜਹਾਜ਼ 'ਚ ਕਿਸੇ ਬੱਚੇ ਦਾ ਇਹ ਪਹਿਲਾ ਜਨਮ ਹੈ, ਇਸ ਲਈ ਇਸ ਨੰਨ੍ਹੇ ਮੇਹਮਾਨ ਨੂੰ ਜੈੱਟ ਏਅਰਵੇਜ਼ 'ਚ ਜ਼ਿੰਦਗੀ ਭਰ ਮੁਫਤ 'ਚ ਯਾਤਰਾ ਕਰਨ ਦਾ ਤੋਹਫਾ ਦਿੱਤਾ ਜਾਂਦਾ ਹੈ।
ਦਰਅਸਲ ਜੈੱਟ ਏਅਰਵੇਜ਼ ਦੇ ਜਹਾਜ਼ 9 ਡਬਲਯੂ 569 ਨੇ ਸ਼ਨੀਵਾਰ ਦੇਰ ਰਾਤ 2.55 ਵਜੇ ਦਮਾਮ ਤੋਂ ਕੋਚੀ ਲਈ ਉਡਾਨ ਭਰੀ ਸੀ। ਇਸ ਜਹਾਜ਼ 'ਚ ਗਰਭਵਤੀ 29 ਸਾਲਾ ਸੀ ਜੋਸ ਵੀ ਸਵਾਰ ਸੀ। ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਉਸ ਨੂੰ ਦਰਦ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਪਾਇਲਟ ਨੇ ਮੈਡੀਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਜਹਾਜ਼ ਨੂੰ ਮੁੰਬਈ ਵੱਲ ਮੋੜ ਦਿੱਤਾ। ਹਾਲਾਂਕਿ ਮਹਿਲਾ ਦਾ ਦਰਦ ਵਧਣ ਤੋਂ ਬਾਅਦ ਕੇਰਲ ਜਾ ਰਹੇ ਜਹਾਜ਼ 'ਚ ਸਵਾਰ ਇਕ ਆਫ ਡਿਊਟੀ ਨਰਸ ਮਿਨੀ ਵਿਲਸਨ ਨੇ ਮਹਿਲਾ ਦੀ ਡਿਲਵਰੀ ਕਰਵਾਈ। 162 ਯਾਤਰੀਆਂ ਨੂੰ ਲੈ ਕੇ ਉੱਡ ਰਿਹਾ ਜੈੱਟ ਏਅਰਵੇਜ਼ ਦਾ ਜਹਾਜ਼ ਜਦੋਂ ਅਰਬ ਸਾਗਰ 'ਤੇ ਪਹੁੰਚਿਆ ਤਾਂ ਉਸ ਸਮੇਂ ਬੱਚੇ ਦਾ ਜਨਮ ਹੋਇਆ। ਫਿਲਹਾਲ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।