ਓਡੀਸ਼ਾ ਰੇਲ ਹਾਦਸਾ: 250 ਫਸੇ ਯਾਤਰੀਆਂ ਨੂੰ ਲੈ ਕੇ ਵਿਸ਼ੇਸ਼ ਰੇਲਗੱਡੀ ਚੇਨਈ ਰਵਾਨਾ
Saturday, Jun 03, 2023 - 12:39 PM (IST)
ਭੁਵਨੇਸ਼ਵਰ- ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਓਡੀਸ਼ਾ 'ਚ ਫਸੇ ਯਾਤਰੀਆਂ ਨੂੰ ਲੈ ਕੇ ਇਕ ਵਿਸ਼ੇਸ਼ ਰੇਲਗੱਡੀ ਚੇਨਈ ਲਈ ਰਵਾਨਾ ਹੋ ਗਈ ਹੈ। ਵਿਸ਼ੇਸ਼ ਰੇਲਗੱਡੀ C P13671 EX-BBS-MAS 250 ਯਾਤਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਸਵੇਰੇ 8:40 ਵਜੇ ਰਵਾਨਾ ਹੋਈ ਅਤੇ ਟ੍ਰੇਨ ਨੰਬਰ 12841 ਦੇ ਸਾਰੇ ਨਿਰਧਾਰਤ ਸਟਾਪ 'ਤੇ ਰੁਕੇਗੀ। ਯਾਤਰੀਆਂ ਨੂੰ ਪਾਣੀ, ਚਾਹ ਅਤੇ ਖਾਣ-ਪੀਣ ਦੀਆਂ ਚੀਜ਼ਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਟਰੇਨਾਂ ਦੇ ਆਉਣ 'ਤੇ ਹਾਵੜਾ ਸਟੇਸ਼ਨ 'ਤੇ ਫੂਡ ਪੈਕੇਟ ਵੀ ਉਪਲਬਧ ਕਰਵਾਏ ਜਾਣਗੇ। ਇਸ ਦੌਰਾਨ ਓਡੀਸ਼ਾ 'ਚ ਵਾਪਰੇ ਤੀਹਰੇ ਰੇਲ ਹਾਦਸੇ 'ਚ ਜ਼ਖਮੀ ਨਾਗਰਿਕਾਂ ਨੂੰ ਕੱਢਣ ਅਤੇ ਇਲਾਜ ਵਿਚ ਸਹਾਇਤਾ ਲਈ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਸ ਵਿਚ 238 ਲੋਕਾਂ ਦੀ ਮੌਤ ਹੋ ਗਈ ਸੀ। ਭਾਰਤੀ ਫੌਜ ਮੁਤਾਬਕ ਟੀਮਾਂ ਨੂੰ ਕਈ ਠਿਕਾਣਿਆਂ 'ਤੇ ਭੇਜਿਆ ਗਿਆ ਹੈ ਤਾਂ ਜੋ ਜਲਦੀ ਤੋਂ ਜਲਦੀ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਜਾ ਸਕੇ।
ਭਾਰਤੀ ਫ਼ੌਜ ਨੂੰ ਜ਼ਖ਼ਮੀਆਂ ਨਾਗਰਿਕਾਂ ਦੀ ਨਿਕਾਸੀ ਅਤੇ ਇਲਾਜ 'ਚ ਮਮਦ ਲਈ ਤਾਇਨਾਤ ਕੀਤਾ ਗਿਆ ਹੈ। ਐਂਬੂਲੈਂਸ ਅਤੇ ਸਹਾਇਤਾ ਸੇਵਾਵਾਂ ਨਾਲ ਫ਼ੌਜ ਦੀ ਮੈਡੀਕਲ ਅਤੇ ਇੰਜੀਨੀਅਰਿੰਗ ਟੀਮਾਂ ਨੂੰ ਪੂਰਬੀ ਕਮਾਨ ਤੋਂ ਤਾਇਨਾਤ ਕੀਤਾ ਗਿਆ ਹੈ। ਦੱਖਣੀ-ਪੂਰਬੀ ਰੇਲਵੇ ਨੇ ਸ਼ਨੀਵਾਰ ਨੂੰ ਕਿਹਾ ਕਿ ਦੋ ਐਕਸਪ੍ਰੈੱਸ ਰੇਲਾਂ- ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਅਤੇ ਸ਼ਾਲੀਮਾਰ ਕੋਰੋਮੰਡਲ ਐਕਸਪ੍ਰੈੱਸ ਅਤੇ ਬਾਲਾਸੋਰ ਵਿਚ ਇਕ ਮਾਲਗੱਡੀ ਨਾਲ ਜੁੜੀ ਓਡੀਸ਼ਾ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 238 ਹੋ ਗਈ ਹੈ। ਓਡੀਸ਼ਾ ਦੇ ਬਾਲਾਸੋਰ ਵਿਚ ਰੇਲ ਹਾਦਸੇ ਮਗਰੋਂ ਲੋਕਾਂ ਦੀ ਮਦਦ ਲਈ ਬੈਂਗਲੁਰੂ ਦੇ ਯਸ਼ਵੰਤਪੁਰ ਰੇਲਵੇ ਸਟੇਸ਼ਨ 'ਤੇ ਇਕ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।