ਦਰਦਨਾਕ ਹਾਦਸਾ; ਦੋ ਟਰੱਕਾਂ ਵਿਚਾਲੇ ਹੋਈ ਟੱਕਰ, 7 ਲੋਕਾਂ ਦੀ ਮੌਤ
Saturday, Feb 25, 2023 - 11:41 AM (IST)
ਜਾਜਪੁਰ- ਓਡੀਸ਼ਾ ਦੇ ਜਾਜਪੁਰ 'ਚ ਸ਼ਨੀਵਾਰ ਯਾਨੀ ਕਿ ਅੱਜ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ 7 ਲੋਕਾਂ ਨੂੰ ਲੈ ਕੇ ਕੋਲਕਾਤਾ ਜਾ ਰਿਹਾ ਇਕ ਟਰੱਕ ਇਕ ਖੜ੍ਹੇ ਖਰਾਬ ਟਰੱਕ ਨਾਲ ਟਕਰਾ ਗਿਆ। ਇਹ ਘਟਨਾ ਜਾਜਪੁਰ ਦੇ ਧਰਮਸ਼ਾਲਾ ਥਾਣਾ ਖੇਤਰ ਦੇ ਨੇਊਲਪੁਰ ਕੋਲ ਨੈਸ਼ਨਲ ਹਾਈਵੇਅ-16 'ਤੇ ਵਾਪਰੀ।
ਪੁਲਸ ਨੇ ਦੱਸਿਆ ਕਿ 6 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਨੇ ਕਟਕ ਦੇ SCB ਮੈਡੀਕਲ ਕਾਲਜ 'ਚ ਦਮ ਤੋੜ ਦਿੱਤਾ। ਸਾਰੇ ਮ੍ਰਿਤਕ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਧਰਮਸ਼ਾਲਾ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਬਚਾਅ ਕੰਮ ਵਿਚ ਜੁੱਟ ਗਈ। ਪੁਲਸ ਮੁਤਾਬਕ ਅਸੀਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮ੍ਰਿਤਕਾਂ ਦਾ ਪੋਸਟਮਾਰਟਮ ਜਾਜਪੁਰ ਦੇ ਬਾਰਾਚਾਨਾ ਸੀ. ਐੱਚ ਸੀ. 'ਚ ਕੀਤਾ ਜਾਵੇਗਾ।