ਨਨ ਰੇਪ ਕੇਸ : ਦੋਸ਼ ਮੁਕਤ ਕਰਨ ਦੀ ਬਿਸ਼ਪ ਫਰੈਂਕੋ ਦੀ ਪਟੀਸ਼ਨ ਖਾਰਜ

Monday, Mar 16, 2020 - 01:49 PM (IST)

ਨਨ ਰੇਪ ਕੇਸ : ਦੋਸ਼ ਮੁਕਤ ਕਰਨ ਦੀ ਬਿਸ਼ਪ ਫਰੈਂਕੋ ਦੀ ਪਟੀਸ਼ਨ ਖਾਰਜ

ਕੋਟੱਯਮ (ਕੇਰਲ)— ਕੇਰਲ ਦੀ ਇਕ ਹੇਠਲੀ ਅਦਾਲਤ ਨੇ ਨਨ ਨਾਲ ਰੇਪ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੇ ਦੋਸ਼ ਮੁਕਤ ਕਰਨ ਸੰਬੰਧੀ ਅਰਜ਼ੀ ਨੂੰ ਸੋਮਵਾਰ ਨੂੰ ਖਾਰਜ ਕਰ ਦਿੱਤੀ। ਐਡੀਸ਼ਨਲ ਜ਼ਿਲਾ ਅਤੇ ਸੈਸ਼ਨਲ ਕੋਰਟ ਇਕ ਦੇ ਸਾਹਮਣੇ ਦਾਇਰ ਪਟੀਸ਼ਨ 'ਚ ਮੁਲੱਕਲ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਨਜ਼ਰ ਉਨ੍ਹਾਂ ਵਿਰੁੱਧ ਦੋਸ਼ ਤੈਅ ਕੀਤੇ ਜਾਣ ਦਾ ਕੋਈ ਮਾਮਲਾ ਨਹੀਂ ਬਣਦਾ ਹੈ। ਪਟੀਸ਼ਨ ਖਾਰਜ ਕਰਦੇ ਹੋਏ ਹੇਠਲੀ ਅਦਾਲਤ ਨੇ ਕਿਹਾ ਕਿ ਬਿਸ਼ਪ ਨੂੰ ਰੇਪ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰਨਾ ਹੋਵੇਗਾ। ਬਿਸ਼ਪ ਦੇ ਵਕੀਲ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਆਦੇਸ਼ ਵਿਰੁੱਧ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਜਾਵੇਗੀ।

ਇਸਤਗਾਸਾ ਪੱਖ ਨੇ ਮੁਲੱਕਲ ਦੀ ਪਟੀਸ਼ਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਵਾਈ। ਬਿਸ਼ਪ 'ਤੇ ਆਪਣੇ ਹੀ ਡਾਓਸਿਸ ਦੀ ਨਨ ਨਾਲ ਰੇਪ ਅਤੇ ਯੌਨ ਸ਼ੋਸ਼ਣ ਦੇ ਦੋਸ਼ ਹਨ। ਮੁਲੱਕਲ ਨੇ ਇਸ ਸਾਲ ਜਨਵਰੀ 'ਚ ਉਨ੍ਹਾਂ ਵਿਰੁੱਧ ਦੋਸ਼ਾਂ 'ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਟੀਸ਼ਨ ਦਾਇਰ ਕੀਤੀ ਸੀ। ਇਹ ਮਾਮਲਾ ਇਕ ਨਨ ਨੇ ਬਿਸ਼ਪ ਵਿਰੁੱਧ ਦਰਜ ਕਰਵਾਇਆ ਹੈ। ਜੂਨ 2018 'ਚ ਪੁਲਸ ਕੋਲ ਦਰਜ ਸ਼ਿਕਾਇਤ 'ਚ ਨਨ ਨੇ ਦੋਸ਼ ਲਗਾਇਆ ਹੈ ਕਿ ਬਿਸ਼ਪ ਨੇ 2014 ਤੋਂ 2016 ਦੌਰਾਨ ਉਸ ਦਾ ਯੌਨ ਸ਼ੋਸ਼ਣ ਕੀਤਾ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬਿਸ਼ਪ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਬੰਧਕ ਬਣਾਉਣ, ਰੇਪ, ਗੈਰ-ਕੁਦਰਤੀ ਯੌਨ ਸੰਬੰਧ ਅਤੇ ਅਪਰਾਧਕ ਧਮਕੀ ਦਾ ਦੋਸ਼ ਹੈ।


author

DIsha

Content Editor

Related News