ਧੋਖਾਧੜੀ ਦੇ ਦੋਸ਼ੀ NRI ਨੇ ਗਰਭਵਤੀ ਪਤਨੀ ਦੀ ਦੇਖਭਾਲ ਲਈ ਰੂਸ ਦੀ ਯਾਤਰਾ ਦੀ ਮੰਗੀ ਇਜਾਜ਼ਤ

03/12/2022 5:00:25 PM

ਮੁੰਬਈ (ਭਾਸ਼ਾ)– ਧੋਖਾਧੜੀ ਦੇ ਤਿੰਨ ਮਾਮਲਿਆਂ ਵਿਚ ਦੋਸ਼ੀ 36 ਸਾਲਾ ਵਿਅਕਤੀ ਨੇ ਆਪਣੀ ਗਰਭਵਤੀ ਪਤਨੀ ਦੀ ਦੇਖਭਾਲ ਲਈ ਇੱਥੇ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਸ ਨੇ ਰੂਸ ਜਾਣ ਦੀ ਇਜਾਜ਼ਤ ਮੰਗੀ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਰਵੀ ਨਵਲਾਨੀ, ਜੋ ਜ਼ਮਾਨਤ 'ਤੇ ਬਾਹਰ ਹੈ, ਨੂੰ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਨਾ ਤਾਂ ਦੇਸ਼ ਛੱਡਣ ਅਤੇ ਨਾ ਹੀ ਮੁੰਬਈ ਛੱਡਣ ਦੀ ਇਜਾਜ਼ਤ ਹੈ।

ਅਧਿਕਾਰੀ ਨੇ ਦੱਸਿਆ ਕਿ ਨਵਲਾਨੀ ’ਤੇ ਮੰਨੀ-ਪ੍ਰਮੰਨੀ ਕੰਪਨੀ ਦਾ ਕਰਮਚਾਰੀ ਹੋਣ ਅਤੇ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹਨ। ਨਵਲਾਨੀ ਵਿਰੁੱਧ ਮੁੰਬਈ ਕਫ਼ ਪਰੇਡ ਬਾਂਦਰਾ ਕੁਰਲਾ ਕੰਪਲੈਕਸ ਅਤੇ ਭੋਈਵਾੜਾ ਥਾਣੇ ਵਿਚ ’ਚ ਤਿੰਨ ਕੇਸ ਦਰਜ ਹਨ। ਨਵਲਾਨੀ ਨੇ ਬੁੱਧਵਾਰ ਨੂੰ ਬਾਂਦਰਾ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਲ ਪਹੁੰਚ ਕੀਤੀ ਅਤੇ ਰੂਸ ਵਿਚ ਆਪਣੇ ਘਰ ਜਾਣ ਦੀ ਇਜਾਜ਼ਤ ਮੰਗੀ। ਉਸ ਨੇ ਕਿਹਾ ਕਿ ਉਸ ਦੀ ਪਤਨੀ ਗਰਭਵਤੀ ਹੈ ਅਤੇ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। 

ਓਧਰ ਦੋਸ਼ੀ ਦੇ ਵਕੀਲ ਨੇ ਪਟੀਸ਼ਨ 'ਚ ਕਿਹਾ ਹੈ, ''ਪਟੀਸ਼ਨਕਰਤਾ ਰੂਸੀ ਮੂਲ ਦਾ ਭਾਰਤੀ ਨਾਗਰਿਕ ਹੈ ਅਤੇ ਉਸ ਕੋਲ 'ਗ੍ਰੀਨ ਕਾਰਡ' ਹੈ ਅਤੇ ਉਸ ਦਾ ਮਾਸਕੋ 'ਚ ਕਾਰੋਬਾਰ ਹੈ। ਪਟੀਸ਼ਨਕਰਤਾ ਦੀ ਪਤਨੀ 6 ਮਹੀਨਿਆਂ ਦੀ ਗਰਭਵਤੀ ਹੈ ਅਤੇ ਘਰ ਵਿਚ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ।'' ਪਟੀਸ਼ਨਕਰਤਾ ਨੇ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਅਤੇ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਉਸ ਦੀ ਅਰਜ਼ੀ 'ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।


Tanu

Content Editor

Related News