ਕਿਤੇ ਨਹੀਂ ਦਿਸੀ ''ਆਪ'', ਕਈਆਂ ਦੀਆਂ ਜ਼ਮਾਨਤਾਂ ਜ਼ਬਤ

12/19/2017 2:51:43 PM

ਨਵੀਂ ਦਿੱਲੀ — 'ਆਪ' ਨੇ ਊਂਝਾ ਸੀਟ 'ਤੇ ਰਮੇਸ਼ ਭਾਈ ਪਟੇਲ ਨੂੰ ਖੜ੍ਹਾ ਕੀਤਾ ਸੀ ਪਰ ਉਹ ਸਫਲ ਨਹੀਂ ਹੋ ਸਕੇ। ਉਹ 8ਵੇਂ ਨੰਬਰ 'ਤੇ ਰਹੇ ਅਤੇ 400 ਵੋਟ ਹਾਸਲ ਕਰਨ ਦਾ ਅੰਕੜਾ ਵੀ ਨਹੀਂ ਛੂਹ ਸਕੇ। ਇਸੇ ਤਰ੍ਹਾਂ ਬਾਪੂ ਨਗਰ ਸੀਟ 'ਤੇ ਆਮ ਆਦਮੀ ਪਾਰਟੀ ਨੇ ਅਨਿਲ ਵਰਮਾ ਨੂੰ ਟਿਕਟ ਦਿੱਤੀ ਸੀ। ਇਥੇ ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਜਗਰੂਪ ਸਿੰਘ ਰਾਜਪੂਤ ਅਤੇ ਕਾਂਗਰਸ ਦੇ ਹਿੰਮਤ ਸਿੰਘ ਪਟੇਲ ਸਨ। ਬਾਪੂ ਨਗਰ ਸੀਟ 'ਤੇ ਵੀ 'ਆਪ' ਦੀ ਕਾਰਗੁਜ਼ਾਰੀ ਠੀਕ ਨਹੀਂ ਰਹੀ। । ਉਸ ਦਾ ਉਮੀਦਵਾਰ ਸਿਰਫ 1167 ਵੋਟਾਂ 'ਤੇ ਸਿਮਟ ਗਿਆ। ਗੌਂਡਲ ਵਿਧਾਨ ਸਭਾ ਸੀਟ ਦੀ ਗੱਲ ਕਰੀਏ ਤਾਂ ਇਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਿਮਿਸ਼ਾ ਬੇਨ ਧੀਰਜਲਾਲ ਨੂੰ ਸਿਰਫ 2179 ਵੋਟਾਂ ਮਿਲੀਆਂ, ਜਦਕਿ ਇਸ ਸੀਟ 'ਤੇ ਜਿੱਤ ਹਾਸਲ ਕਰਨ ਵਾਲੇ ਭਾਜਪਾ ਦੇ ਉਮੀਦਵਾਰ ਨੂੰ 70 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ। ਇਸੇ ਤਰ੍ਹਾਂ ਜੇ ਬਾਕੀ ਅਸੈਂਬਲੀ ਸੀਟਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਲਾਠੀ ਵਿਧਾਨ ਸਭਾ ਸੀਟ 'ਤੇ ਐੱਮ. ਡੀ. ਮਾਂਜਰੀਆ ਨੂੰ 797 ਵੋਟਾਂ ਮਿਲੀਆਂ। ਛੋਟਾ ਉਦੈਪੁਰ ਵਿਚ ਆਮ ਆਦਮੀ ਪਾਰਟੀ ਦੇ ਅਰਜੁਨ ਭਾਈ ਦੇ ਹੱਕ 'ਚ ਸਿਰਫ 4515 ਵੋਟਾਂ ਪਈਆਂ।
ਇਸੇ ਤਰ੍ਹਾਂ ਕਰਜਨ ਵਿਖੇ ਹਨੀਫਭਾਈ ਇਸਮਾਈਲਭਾਈ ਜਮਾਂਦਾਰ ਨੂੰ 436 ਵੋਟਾਂ ਮਿਲੀਆਂ।  ਜਦ ਕਿ ਪਾਰਡੀ ਵਿਖੇ ਡਾ. ਰਾਜੀਵ ਪਾਂਡੇ ਦੇ ਖਾਤੇ 'ਚ 539 ਵੋਟਾਂ ਪਈਆਂ। ਕਾਮਰੇਜ ਹਲਕੇ ਵਿਚ ਵੀ 'ਆਪ' ਦੀ ਕਾਰਗੁਜ਼ਾਰੀ ਕੋਈ ਵਧੀਆ ਨਹੀਂ  ਰਹੀ। ਇਥੇ ਰਾਮਭਾਈ ਨੂੰ ਸਿਰਫ 1454 ਵੋਟਾਂ ਮਿਲੀਆਂ ਅਤੇ ਉਹ ਤੀਜੇ ਨੰਬਰ 'ਤੇ ਰਹੇ। ਗਾਂਧੀ ਨਗਰ ਉੱਤਰੀ ਹਲਕੇ 'ਚ ਗੁਣਵੰਤ ਕੁਮਾਰ ਨੂੰ 348 ਵੋਟਾਂ ਮਿਲੀਆਂ। ਬੋਟਾਡ ਵਿਖੇ ਜੀਲੂਭਾਈ ਨੂੰ 303 ਵੋਟਾਂ ਮਿਲੀਆਂ। ਉਹ 15ਵੇਂ ਨੰਬਰ 'ਤੇ ਆਏ। ਰਾਜਕੋਟ ਪੂਰਬੀ ਹਲਕੇ ਤੋਂ ਅਜੀਤ ਘੁਸਾਭਾਈ ਲੋਖੀਲ ਨੂੰ 1868 ਵੋਟਾਂ ਮਿਲੀਆਂ ਅਤੇ ਉਹ ਚੌਥੇ ਨੰਬਰ 'ਤੇ ਰਹੇ। ਸੂਰਤ ਵਿਧਾਨ ਸਭਾ ਦੇ ਪੂਰਬੀ ਹਲਕੇ ਤੋਂ ਸਲੀਮ ਅਕਬਰਭਾਈ  ਮੁਲਤਾਨੀ ਨੂੰ 265 ਵੋਟਾਂ ਮਿਲੀਆਂ।
ਖਾਤਾ ਤੱਕ ਖੋਲ੍ਹ ਨਹੀਂ ਸਕੀ ਪਾਰਟੀ
ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ 'ਚ ਭਾਰੀ ਸੀਟਾਂ ਨਾਲ ਜੇਤੂ ਹੋਣ ਪਿੱਛੋਂ ਗੋਆ ਅਤੇ ਪੰਜਾਬ ਵਿਚ ਹਾਰ ਦਾ ਮੂੰਹ ਦੇਖ ਚੁੱਕੀ ਆਮ ਆਦਮੀ ਪਾਰਟੀ (ਆਪ) ਪਹਿਲੀ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਉਥੋਂ ਦੀਆਂ 33 ਸੀਟਾਂ 'ਤੇ ਆਪਣੀ ਕਿਸਮਤ ਅਜ਼ਮਾਉਣ ਲਈ ਉਤਰੀ ਸੀ ਪਰ ਜਿੱਤ ਤਾਂ ਦੂਰ ਦੀ ਗੱਲ, ਪਾਰਟੀ ਕਿਤੇ ਰੁਝਾਨਾਂ ਵਿਚ ਵੀ ਨਜ਼ਰ ਨਹੀਂ ਆਈ। ਸੋਮਵਾਰ ਜਦੋਂ ਨਤੀਜਿਆਂ ਦਾ ਐਲਾਨ ਹੋਇਆ ਤਾਂ ਪਾਰਟੀ ਦਾ ਇਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ।


Related News