ਹੁਣ ਬਿਨਾਂ ਪਾਇਲਟ ਵਾਲੇ ਡਰੋਨ ਕਰਨਗੇ ਭਾਰਤ ਦੇ ਦੁਸ਼ਮਣਾਂ ਦਾ ਖਾਤਮਾ
Wednesday, May 20, 2026 - 02:17 AM (IST)
ਨਵੀਂ ਦਿੱਲੀ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਸਦੇਸ਼ੀ ਤਕਨੀਕ ਨਾਲ ਵਿਕਸਿਤ ਮਨੁੱਖ ਰਹਿਤ ਹਵਾਈ ਵਾਹਨ (ਯੂ. ਏ. ਪੀ.) ਤੋਂ ਲਾਂਚ ਹੋਣ ਵਾਲੀ ਪ੍ਰੀਸੀਜ਼ਨ ਗਾਈਡਡ ਮਿਜ਼ਾਈਲ ਯੂ. ਐੱਲ. ਪੀ. ਜੀ. ਐੱਮ.-ਵੀ3 ਦੇ ਵਿਕਾਸ ਟੈਸਟ ਸਫਲਤਾਪੂਰਵਕ ਪੂਰੇ ਕਰ ਲਏ ਹਨ। ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਸਥਿਤ ਡੀ. ਆਰ. ਡੀ. ਓ. ਟੈਸਟ ਰੇਂਜ ਵਿਚ ਏਅਰ-ਟੂ-ਗਰਾਊਂਡ (ਹਵਾ ਤੋਂ ਜ਼ਮੀਨ) ਅਤੇ ਏਅਰ-ਟੂ-ਏਅਰ (ਹਵਾ ਤੋਂ ਹਵਾ) ਦੋਵਾਂ ਮੋਡਸ ਵਿਚ ਕੀਤੇ ਗਏ। ਹਲਕੇ ਵਜ਼ਨ ਵਾਲੀ ਇਹ ਸਦੇਸ਼ੀ ਮਿਜ਼ਾਈਲ ਬਿਨਾਂ ਪਾਇਲਟ ਵਾਲੇ ਡਰੋਨ (ਯੂ. ਏ. ਵੀ.) ਰਾਹੀਂ ਸਟੀਕ ਤਰੀਕੇ ਨਾਲ ਨਿਸ਼ਾਨਾ ਫੁੰਡਣ ’ਚ ਪੂਰੀ ਤਰ੍ਹਾਂ ਸਮਰੱਥ ਹੈ।
ਡੀ. ਆਰ. ਡੀ. ਓ. ਅਨੁਸਾਰ, ਪ੍ਰੀਖਣਾਂ ਦੌਰਾਨ ਆਧੁਨਿਕ ਇੰਟੀਗ੍ਰੇਟਿਡ ਗਰਾਊਂਡ ਕੰਟਰੋਲ ਸਿਸਟਮ ਦਾ ਇਸਤੇਮਾਲ ਕੀਤਾ ਗਿਆ, ਜੋ ਮਿਜ਼ਾਈਲ ਸਿਸਟਮ ਦੀ ਕਮਾਂਡ ਅਤੇ ਕੰਟਰੋਲ ਸਮਰੱਥਾ ਨੂੰ ਸੰਭਾਲਦਾ ਹੈ। ਇਹ ਸਿਸਟਮ ਲਾਂਚ ਅਤੇ ਆਪ੍ਰੇਸ਼ਨ ਪ੍ਰਕਿਰਿਆ ਨੂੰ ਆਟੋਮੇਟ (ਸਵੈ-ਚਾਲਿਤ) ਕਰਨ ਵਾਲੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਯੂ. ਐੱਲ. ਪੀ. ਜੀ. ਐੱਮ.-ਵੀ3 ਮਿਜ਼ਾਈਲ ਨੂੰ ਹੈਦਰਾਬਾਦ ਸਥਿਤ ਰਿਸਰਚ ਸੈਂਟਰ ਇਮਾਰਤ (ਆਰ. ਸੀ. ਆਈ.) ਵੱਲੋਂ ਵਿਕਸਿਤ ਕੀਤਾ ਗਿਆ ਹੈ।
