ਹੁਣ ਕੇਰਲ ''ਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ ਗਈ

Thursday, Mar 08, 2018 - 11:52 AM (IST)

ਹੁਣ ਕੇਰਲ ''ਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ ਗਈ

ਕੰਨੂਰ— ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਹਾਪੁਰਸ਼ਾਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਾਜ਼ਗੀ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਜਾਰੀ ਹਨ। ਤ੍ਰਿਪੁਰਾ 'ਚ ਲੇਨਿਨ ਦੀ ਮੂਰਤੀ ਢਹਾਏ ਜਾਣ ਤੋਂ ਸ਼ੁਰੂ ਹੋਇਆ ਸਿਲਸਿਲਾ ਤਾਮਿਲਨਾਡੂ 'ਚ ਪੇਰੀਆਰ, ਪੱਛਮੀ ਬੰਗਾਲ 'ਚ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਅਤੇ ਉੱਤਰ ਪ੍ਰਦੇਸ਼ 'ਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੁਕਸਾਨੇ ਜਾਣ ਤੋਂ ਬਾਅਦ ਕੇਰਲ ਤੱਕ ਪੁੱਜ ਗਿਆ ਹੈ। ਵੀਰਵਾਰ ਦੀ ਸਵੇਰ ਇੱਥੇ ਅਣਪਛਾਤੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਉੱਥੇ ਹੀ ਤਾਮਿਲਨਾਡੂ 'ਚ ਅੰਬੇਡਕਰ ਦੀ ਮੂਰਤੀ 'ਤੇ ਪੇਂਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਸ ਅਨੁਸਾਰ ਕੇਰਲ ਦੇ ਕਨੂੰਰ ਜ਼ਿਲੇ 'ਚ ਅਣਪਛਾਤੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਮੌਕੇ 'ਤੇ ਦੌੜ ਗਏ। ਨੌਜਵਾਨਾਂ ਨੇ ਬਾਪੂ ਦੀ ਮੂਰਤੀ ਦਾ ਚਸ਼ਮਾ ਤੋੜ ਦਿੱਤਾ। ਇਸ ਤੋਂ ਇਲਾਵਾ ਤਾਮਿਲਨਾਡੂ 'ਚ ਵੀ ਬੀ.ਆਰ. ਅੰਬੇਡਕਰ ਦੀ ਮੂਰਤੀ 'ਤੇ ਹਮਲੇ ਦੀ ਗੱਲ ਸਾਹਮਣੇ ਆਈ ਹੈ। ਇੱਥੇ ਚੇਨਈ ਦੇ ਪੇਰੀਆਰ ਨਗਰ 'ਚ ਬੀ.ਆਰ. ਅੰਬੇਡਕਰ ਦੀ ਮੂਰਤੀ 'ਤੇ ਪੇਂਟ ਸੁੱਟ ਕੇ ਕੁਝ ਸ਼ਰਾਰਤੀ ਤੱਤ ਦੌੜ ਨਿਕਲੇ। ਮੂਰਤੀ ਤੋੜਨ ਦੀਆਂ ਘਟਨਾਵਾਂ ਕਾਰਨ ਤਾਮਿਲਨਾਡੂ 'ਚ ਪਹਿਲਾਂ ਹੀ ਤਣਾਅ ਦੀ ਸਥਿਤੀ ਹੈ। ਮੰਗਲਵਾਰ ਨੂੰ ਇੱਥੇ ਦ੍ਰਵਿੜ ਚਿੰਤਕ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਜਿਸ ਤੋਂ ਬਾਅਦ ਭਾਜਪਾ ਦਫ਼ਤਰ 'ਤੇ ਬੰਬ ਸੁੱਟਣ ਅਤੇ ਕਈ ਥਾਂ ਜਨੇਊ ਕੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੂਰਤੀਆਂ ਤੋੜਨ 'ਤੇ ਪੀ.ਐੱਮ. ਮੋਦੀ ਨਰਿੰਦਰ ਮੋਦੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਨ੍ਹਾਂ ਘਟਨਾਵਾਂ ਤੋਂ ਪੈਦਾ ਹੋਏ ਤਣਾਅ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੀ ਹਰਕਤ 'ਚ ਆ ਗਿਆ ਹੈ ਅਤੇ ਸਾਰੇ ਰਾਜਾਂ ਤੋਂ ਮੂਰਤੀਆਂ ਦੀ ਸੁਰੱਖਿਆ ਵਧਾਉਣ ਦੇ ਨਾਲ ਹੀ ਅਜਿਹਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ। ਰਿਪੋਰਟਸ ਅਨੁਸਾਰ ਇਨ੍ਹਾਂ ਘਟਨਾਵਾਂ ਤੋਂ ਨਾਖੁਸ਼ ਪੀ.ਐੱਮ. ਮੋਦੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਸੀ। ਮੰਤਰਾਲੇ ਨੇ ਰਾਜਾਂ 'ਚ ਮੂਰਤੀ ਤੋੜਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ 'ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜ਼ਿਕਰਯੋਗ ਹੈ ਕਿ ਤ੍ਰਿਪੁਰਾ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ 'ਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੇਨਿਨ ਦੀ ਮੂਰਤੀ ਤੋੜ ਦਿੱਤੀ ਗਈ ਸੀ। ਮੰਗਲਵਾਰ ਰਾਤ ਤਾਮਿਲਨਾਡੂ 'ਚ ਪੇਰੀਆਰ ਅਤੇ ਫਿਰ ਕੋਲਕਾਤਾ 'ਚ ਸ਼ਯਾਮਾ ਪ੍ਰਸਾਦ ਮੁਖਰਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਉੱਤਰ ਪ੍ਰਦੇਸ਼ ਦੇ ਮੇਰਠ 'ਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੋੜਨ ਦਾ ਮਾਮਲਾ ਵੀ ਸਾਹਮਣੇ ਆਇਆ। ਫਿਰ ਤਾਂ ਮੂਰਤੀਆਂ ਨੁਕਸਾਨੇ ਜਾਣ ਦਾ ਜਿਵੇਂ ਸਿਲਸਿਲਾ ਹੀ ਚੱਲ ਪਿਆ।


Related News