ਹੁਣ ਭਾਜਪਾ ਦੀ ਨਜ਼ਰ ਈਸਾਈਆਂ ’ਤੇ

Friday, Jul 19, 2024 - 07:11 PM (IST)

ਹੁਣ ਭਾਜਪਾ ਦੀ ਨਜ਼ਰ ਈਸਾਈਆਂ ’ਤੇ

ਨਵੀਂ ਦਿੱਲੀ- ਕਰਨਾਟਕ ਅਤੇ ਤੇਲੰਗਾਨਾ ਅਤੇ ਕੁਝ ਹੱਦ ਤੱਕ ਆਂਧਰਾ ਪ੍ਰਦੇਸ਼ ਵਿਚ ਆਪਣੇ ਦਬਦਬੇ ਤੋਂ ਬਾਅਦ ਭਾਜਪਾ ਦੀ ਨਜ਼ਰ ਦੱਖਣ ਵਿਚ ਕੇਰਲ ’ਤੇ ਹੈ। ਸੂਬੇ ਵਿਚ ਐੱਨ. ਡੀ. ਏ. ਦਾ ਵੋਟ ਸ਼ੇਅਰ 2019 ਦੀਆਂ ਲੋਕ ਸਭਾ ਚੋਣਾਂ ਵਿਚ 15.56 ਫੀਸਦੀ ਤੋਂ ਵੱਧ ਕੇ 2024 ਵਿਚ 19.24 ਫੀਸਦੀ ਹੋ ਗਿਆ ਹੈ।

ਭਾਜਪਾ ਨੇ ਨਾ ਸਿਰਫ ਤ੍ਰਿਸੂਰ ਵਿਚ ਜਿੱਤ ਪ੍ਰਾਪਤ ਕੀਤੀ, ਸਗੋਂ ਤਿਰੂਵਨੰਤਪੁਰਮ ਵਿਚ ਵੀ ਦੂਜੇ ਸਥਾਨ ’ਤੇ ਰਹੀ, ਜਿੱਥੇ ਰਾਜੀਵ ਚੰਦਰਸ਼ੇਖਰ ਸ਼ਸ਼ੀ ਥਰੂਰ ਤੋਂ ਸਿਰਫ਼ 16,077 ਵੋਟਾਂ ਨਾਲ ਹਾਰ ਗਏ। ਕਮਿਊਨਿਸਟ ਪਾਰਟੀਆਂ ਦੇ ਕਬਜ਼ੇ ਵਾਲੇ 11 ਵਿਧਾਨ ਸਭਾ ਹਲਕਿਆਂ ’ਚ ਭਾਜਪਾ ਪਹਿਲੇ ਸਥਾਨ ’ਤੇ ਰਹੀ, ਜਦਕਿ 8 ਵਿਧਾਨ ਸਭਾ ਹਲਕਿਆਂ ’ਚ ਦੂਜੇ ਨੰਬਰ ’ਤੇ ਰਹੀ।

ਹੁਣ ਇਹ ਤੈਅ ਹੋ ਗਿਆ ਹੈ ਕਿ ਭਾਜਪਾ ਵੱਡੇ ਪੈਮਾਨੇ ’ਤੇ ਈਸਾਈਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਉਸਨੂੰ ਮੁਸਲਮਾਨ ਘੱਟ ਗਿਣਤੀਆਂ ਦਾ ਸਮਰਥਨ ਨਹੀਂ ਮਿਲ ਰਿਹਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਦੀ ਹਾਲ ਹੀ ਵਿਚ ਇਟਲੀ ਵਿਚ ਪੋਪ ਫਰਾਂਸਿਸੀ ਨਾਲ ਮੁਲਾਕਾਤ ਬੇਹੱਦ ਅਹਿਮ ਰਹੀ।

ਮੋਦੀ ਨੇ ਪੋਪ ਫਰਾਂਸਿਸੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਦਕਿ ਦੋਹਾਂ ਦੀ ਗਲੇ ਮਿਲਦੇ ਹੋਏ ਇਕ ਤਸਵੀਰ ਵੀ ਵਾਇਰਲ ਹੋਈ। ਉਂਝ ਤਾਂ ਮੋਦੀ 2021 ਵਿਚ ਵੀ ਪੋਪ ਨੂੰ ਮਿਲੇ ਸਨ ਪਰ ਓਦੋਂ ਇਸਦਾ ਕੋਈ ਲਾਭ ਨਹੀਂ ਮਿਲਿਆ। ਪਰ ਓਦੋਂ ਤੋਂ ਹੁਣ ਤੱਕ ਬਹੁਤ ਕੁਝ ਬਦਲ ਚੁੱਕਾ ਹੈ, ਕਿਉਂਕਿ ਭਾਜਪਾ ਨੂੰ ਹੁਣ ਲਗਦਾ ਹੈ ਕਿ ਉਹ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੇਰਲ ਵਿਚ ਮੁੱਖ ਵਿਰੋਧੀ ਪਾਰਟੀ ਵਜੋਂ ਉਭਰ ਸਕਦੀ ਹੈ।

ਭਾਜਪਾ ਦੇ ਕੇਰਲ ਇੰਚਾਰਜ ਜਾਵਡੇਕਰ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਅਤੇ ਪੋਪ ਦੀ ਯਾਤਰਾ ਪਾਰਟੀ ਦੇ ਆਧਾਰ ਨੂੰ ਵਧਾਉਣ ਵਿਚ ਮਦਦ ਕਰ ਸਕਦੀ ਹੈ। ਪੋਪ ਦੀ ਯਾਤਰਾ ਨੂੰ ਲੈ ਕੇ ਸਰਕਾਰ ਦਾ ਰਵੱਈਆ ਦੁਚਿੱਤੀ ਵਾਲਾ ਰਿਹਾ ਹੈ, ਕਿਉਂਕਿ ਆਰ. ਐੱਸ. ਐੱਸ. ਨੇ 1999 ਵਿਚ ਪੋਪ ਜਾਨ ਪਾਲ-II ਦੀ ਯਾਤਰਾ ’ਤੇ ਇਤਰਾਜ਼ ਪ੍ਰਗਟਾਇਆ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ। ਆਰ. ਐੱਸ. ਐੱਸ. ਇਸ ਗੱਲ ਤੋਂ ਨਾਰਾਜ਼ ਹੈ ਕਿ ਵੱਖ-ਵੱਖ ਮਿਸ਼ਨਰਈਆਂ ਆਦੀਵਾਸੀਆਂ ਅਤੇ ਗਰੀਬਾਂ ਨੂੰ ਈਸਾਈ ਬਣਾਉਣ ਵਿਚ ਸਰਗਰਮ ਹੈ।


author

Rakesh

Content Editor

Related News