ਹੁਣ ਏਅਰਪੋਰਟ ''ਤੇ ਹੀ ਹੋਵੇਗਾ ਵਿਦੇਸ਼ੀ ਯਾਤਰੀਆਂ ਦਾ ਕੋਰੋਨਾ ਟੈਸ‍ਟ

10/01/2020 10:02:56 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਆਫਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਿੱਲੀ ਏਅਰਪੋਰਟ 'ਤੇ ਅੰਤਰਾਰਾਸ਼ਟਰੀ ਉਡਾਣ ਰਾਹੀਂ ਆਉਣ ਵਾਲੇ ਮੁਸਾਫਰਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਮੁਤਾਬਕ, ਦਿੱਲੀ ਏਅਰਪੋਰਟ 'ਤੇ ਅੰਤਰਰਾਸ਼ਟਰੀ ਯਾਤਰੀ ਹੁਣ ਕੋਰੋਨਾ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਸਹੂਲਤ ਲੈ ਸਕਦੇ ਹਨ। ਦਿੱਲੀ ਏਅਰਪੋਰਟ ਅੰਤਰਰਾਸ਼ਟਰੀ ਮੁਸਾਫਰਾਂ ਨੂੰ ਇਹ ਸਹੂਲਤ ਦੇਣ ਵਾਲਾ ਦੇਸ਼ ਦਾ ਪਹਿਲਾ ਏਅਰਪੋਰਟ ਬਣ ਗਿਆ ਹੈ।

ਟਰਮਿਨਲ-3 ਦੀ ਕਾਰ ਪਾਰਕਿੰਗ 'ਚ ਕੀਤਾ ਗਿਆ ਟੈਸਟਿੰਗ ਦਾ ਪ੍ਰਬੰਧ
ਅੰਤਰਰਾਸ਼ਟਰੀ ਯਾਤਰੀਆਂ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਕੋਰੋਨਾ ਟੈਸਟਿੰਗ ਦੀ ਵਿਵਸਥਾ ਟਰਮਿਨਲ-3 ਦੇ ਪਿੱਛੇ ਵੱਲ ਬਣੀ ਮਲਟੀ ਲੈਵਲ ਕਾਰ ਪਾਰਕਿੰਗ ਏਰੀਆ 'ਚ ਕੀਤੀ ਗਈ ਹੈ। ਇਹ ਵਿਵਸਥਾ ਦੇਸ਼ ਦੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਹੈ। ਦੱਸ ਦਈਏ ਕਿ ਯਾਤਰੀਆਂ ਦੇ ਕੋਵਿਡ-19 ਟੈਸਟ ਲਈ ਦਿੱਲੀ ਏਅਰਪੋਰਟ ਨੇ ਸੂਬਾ ਸਰਕਾਰ ਅਤੇ ਰਾਜਧਾਨੀ ਦੀ ਪ੍ਰਯੋਗਸ਼ਾਲਾ ਜੈਨੇਸਟਰਿੰਗ ਡਾਇਗਨੋਸਟਿਕ ਸੈਂਟਰ ਨਾਲ ਸਮਝੌਤਾ ਕੀਤਾ ਹੈ।

ਦਿੱਲੀ ਏਅਰਪੋਰਟ 'ਤੇ ਅੰਤਰਰਾਸ਼ਟਰੀ ਯਾਤਰੀ 5 ਹਜ਼ਾਰ ਰੁਪਏ 'ਚ ਕੋਰੋਨਾ ਟੈਸਟ ਕਰਵਾ ਸਕਦੇ ਹਨ। ਇਸ ਫੀਸ 'ਚ ਵੇਟਿੰਗ ਰੂਮ ਚਾਰਜ ਵੀ ਸ਼ਾਮਲ ਹੈ, ਕਿਉਂਕਿ ਰਿਪੋਰਟ ਆਉਣ 'ਚ ਘੱਟ ਤੋਂ ਘੱਟ 6 ਘੰਟੇ ਦਾ ਸਮਾਂ ਲੱਗ ਸਕਦਾ ਹੈ। ਡਾਇਲ ਮੁਤਾਬਕ, ਲੈਬ 'ਚ ਇਕੱਠੇ ਕੀਤੇ ਗਏ ਸੈਂਪਲ ਦੀ ਰਿਪੋਰਟ ਆਉਣ 'ਚ 4 ਤੋਂ 6 ਘੰਟੇ ਦਾ ਸਮਾਂ ਲੱਗੇਗਾ। ਉਦੋਂ ਤੱਕ ਯਾਤਰੀ ਜਾਂ ਤਾਂ ਵੇਟਿੰਗ ਰੂਮ 'ਚ ਇੰਤਜ਼ਾਰ ਕਰ ਸਕਦੇ ਹਨ ਜਾਂ ਕਿਸੇ ਹੋਟਲ 'ਚ ਰੁੱਕ ਸਕਦੇ ਹਨ। ਇਸ ਤੋਂ ਪਹਿਲਾਂ 2 ਅਗਸਤ ਨੂੰ ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਸੀ ਕਿ ਜੇਕਰ ਯਾਤਰਾ ਤੋਂ 96 ਘੰਟੇ ਪਹਿਲਾਂ ਕੀਤੇ ਗਏ ਆਰ.ਟੀ.-ਪੀ.ਸੀ.ਆਰ. ਟੈਸਟ 'ਚ ਕਿਸੇ ਅੰਤਰਰਾਸ਼ਟਰੀ ਯਾਤਰੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਵੀ ਉਸ ਨੂੰ ਕੁਆਰੰਟੀਨ 'ਚ ਭੇਜਿਆ ਜਾਵੇਗਾ।


Inder Prajapati

Content Editor

Related News