ਹੁਣ ਬਿਨਾਂ ਟਰੈਕਟਰਾਂ ਤੋਂ ਦਿੱਲੀ ਜਾਣਗੇ ਕਿਸਾਨ; ਰਾਕੇਸ਼ ਟਿਕੈਤ ਨੇ ਕਰ ਦਿੱਤੇ ਵੱਡੇ ਐਲਾਨ

Friday, Feb 23, 2024 - 06:05 AM (IST)

ਨੈਸ਼ਨਲ ਡੈਸਕ: ਕਿਸਾਨਾਂ ਵੱਲੋਂ MSP 'ਤੇ ਖਰੀਦ ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਲਖੀਮਪੁਰ ਖਿਰੀ ਦੇ ਇਨਸਾਫ਼ ਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਪਰ ਸਰਕਾਰ ਵੱਲੋਂ ਬਹੁ-ਪੱਧਰੀ ਬੈਰੀਕੇਡਿੰਗ ਅਤੇ ਭਾਰੀ ਫ਼ੋਰਸ ਨਾਲ ਉਨ੍ਹਾਂ ਨੂੰ ਪੰਜਾਬ-ਹਰਿਆਣਾ ਬਾਰਡਰ 'ਤੇ ਹੀ ਰੋਕ ਲਿਆ ਗਿਆ ਹੈ ਤੇ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਅਜਿਹੀ ਹੀ ਤਿਆਰੀ ਕਰ ਲਈ ਗਈ ਹੈ। ਇਸ ਜੱਦੋ-ਜਹਿਦ ਵਿਚਾਲੇ ਬੀਤੇ ਦਿਨੀਂ ਪੰਜਾਬ ਦੇ ਇਕ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਗੋਲ਼ੀ ਲੱਗਣ ਨਾਲ ਮੌਤ ਵੀ ਹੋ ਗਈ ਸੀ। ਇਸ ਮਗਰੋਂ ਮੋਰਚੇ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 2 ਦਿਨ ਲਈ ਦਿੱਲੀ ਕੂਚ ਨੂੰ ਰੋਕਣ ਦਾ ਐਲਾਨ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਐਕਸ਼ਨ 'ਚ ਯੋਗੀ ਸਰਕਾਰ, ਕਮੇਟੀ ਦਾ ਕੀਤਾ ਗਠਨ

ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਤੇ ਉਹ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਵੱਧ ਰਹੇ ਹਨ, ਪਰ ਹਰਿਆਣਾ ਸਰਕਾਰ ਬੇਵਜ੍ਹਾ ਉਨ੍ਹਾਂ ਨੂੰ ਰੋਕ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਕਈ ਵਾਰ ਕਹਿ ਚੁੱਕੇ ਹਨ ਕਿ ਟਰੈਕਟਰਾਂ ਨੂੰ ਮੋਡੀਫਾਈ ਕਰਕੇ ਲਿਜਾਇਆ ਜਾ ਰਿਹਾ ਹੈ, ਇਸ ਕਾਰਨ ਸੂਬੇ ਵਿਚ ਅਮਨ ਸ਼ਾਂਤੀ ਭੰਗ ਹੋਣ ਅਤੇ ਕਾਨੂੰਨ-ਵਿਵਸਥਾ ਵਿਗੜਣ ਦਾ ਖ਼ਤਰਾ ਹੈ। ਉਹ ਇਹ ਵੀ ਕਹਿ ਚੁੱਕੇ ਹਨ ਕਿ ਜੇ ਪ੍ਰਦਰਸ਼ਨ ਹੀ ਕਰਨਾ ਹੈ ਤਾਂ ਕਿਸਾਨ ਬਿਨਾਂ ਟਰੈਕਟਰਾਂ ਦੇ ਵੀ ਦਿੱਲੀ ਜਾ ਸਕਦੇ ਹਨ। ਇਸ ਵਿਚਾਲੇ ਹੁਣ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਕਿਸਾਨ ਬਿਨਾਂ ਟਰੈਕਟਰਾਂ ਦੇ ਦਿੱਲੀ ਜਾਣਗੇ, ਫ਼ਿਰ ਵੇਖਾਂਗੇ ਸਰਕਾਰ ਸਾਨੂੰ ਜਾਣ ਦਿੰਦੀ ਹੈ ਜਾਂ ਨਹੀਂ।

ਇਹ ਖ਼ਬਰ ਵੀ ਪੜ੍ਹੋ - ਅੰਦੋਲਨ ਵਿਚਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਯੂਨੀਅਨ ਵੱਲੋਂ ਸੰਘਰਸ਼ ਦੀ ਰੂਪਰੇਖਾ ਸਾਂਝੀ ਕਰਦਿਆਂ ਟਿਕੈਤ ਨੇ ਕਿਹਾ ਕਿ 26 ਮਾਰਚ ਨੂੰ ਕਿਸਾਨਾਂ ਵੱਲੋਂ ਦਿੱਲੀ ਜਾਣ ਵਾਲੇ ਸਟੇਟ ਤੇ ਨੈਸ਼ਨਲ ਹਾਈਵੇਅਜ਼ 'ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਇਹ ਇਕ ਦਿਨਾ ਪ੍ਰੋਗਰਾਮ ਹੋਵੇਗਾ ਤੇ ਉਸ ਮਗਰੋਂ ਅਸੀਂ ਵਾਪਸ ਆ ਜਾਵਾਂਗੇ। ਫ਼ਿਰ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ। 14 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਇਕ ਦਿਨ ਦਾ ਪ੍ਰੋਗਰਾਮ ਹੈ। ਇਸ ਵਿਚ ਲੋਕ ਬਿਨਾਂ ਟਰੈਕਟਰਾਂ ਤੋਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਰੋਕ ਨਹੀਂ ਰਹੇ, ਤਾਂ ਅਸੀਂ ਵੇਖਾਂਗੇ ਕਿ ਉਹ ਸਾਨੂੰ ਰੋਕੇਗੀ ਜਾਂ ਨਹੀਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News