ਹੁਣ ਗੁਜਰਾਤ ’ਚ ਰੇਲਗੱਡੀ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼
Sunday, Sep 22, 2024 - 04:10 AM (IST)
ਸੂਰਤ - ਗੁਜਰਾਤ ਦੇ ਸੂਰਤ ਜ਼ਿਲੇ ’ਚ ਸ਼ਨੀਵਾਰ ਅਣਪਛਾਤੇ ਲੋਕਾਂ ਨੇ ਰੇਲ ਪਟੜੀ ਨਾਲ ਛੇੜਛਾੜ ਕਰ ਕੇ ਇਕ ਰੇਲਗੱਡੀ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਅਧੀਨ ‘ਫਿਸ਼’ ਪਲੇਟਾਂ ਨੂੰ ਹਟਾ ਦਿੱਤਾ ਅਤੇ ਕਈ ਪੇਚ ਢਿੱਲੇ ਕਰ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਕੋਸੰਬਾ ਤੇ ਕਿਮ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਗੱਡੀ ਦੇ ਪ੍ਰਭਾਵਿਤ ਟ੍ਰੈਕ ਤੋਂ ਲੰਘਣ ਤੋਂ ਪਹਿਲਾਂ ਹੀ ਇਕ ਲਾਈਨਮੈਨ ਨੇ ਤੜਕੇ ਗੜਬੜ ਭਾਂਪ ਕੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਕਾਰਨ ਹਾਦਸਾ ਵਾਪਰਨੋਂ ਟੱਲ ਗਿਆ।
ਸੂਰਤ (ਦਿਹਾਤੀ) ਦੇ ਪੁਲਸ ਸੁਪਰਡੈਂਟ ਹਿਤੇਸ਼ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਰੇਲਵੇ ਟ੍ਰੈਕ ’ਤੇ ਦੋ ਟ੍ਰੈਕਾਂ ਦੇ ਸਿਰਿਆਂ ’ਤੇ ਲਾਈਆਂ 2 ਫਿਸ਼ ਪਲੇਟਾਂ ਨੂੰ ਲਾਹ ਕੇ ਨਾਲ ਦੇ ਟਰੈਕ ’ਤੇ ਰੱਖ ਦਿੱਤਾ। ਘੱਟੋਘਟ 40-50 ਪੇਚ ਵੀ ਢਿੱਲੇ ਕਰ ਦਿੱਤੇ।
ਸਵੇਰੇ ਕਰੀਬ 5.30 ਵਜੇ ਪਟੜੀ ਦਾ ਮੁਆਇਨਾ ਕਰ ਰਹੇ ਇਕ ਲਾਈਨਮੈਨ ਨੂੰ ਸਮੱਸਿਆ ਦਾ ਪਤਾ ਲੱਗਾ। ਉਸ ਨੇ ਰੇਲਵੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਰੇਲਵੇ ਇੰਜੀਨੀਅਰਾਂ ਤੇ ਹੋਰ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਲਾਈਨ ਦੀ ਮੁਰੰਮਤ ਕਰਵਾਈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਈ ਹਿੱਸਿਆਂ ’ਚ ਰੇਲਗੱਡੀ ਆਂ ਨੂੰ ਪਟੜੀ ਤੋਂ ਉਤਾਰਨ ਦੀਆਂ ਸਾਜ਼ਿਸ਼ਾਂ ਸਾਹਮਣੇ ਆ ਚੁੱਕੀਆਂ ਹਨ।