‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਬਣਿਆ ਗੁਜਰਾਤ ਦਾ ‘ਸਰਦਾਰ ਸਰੋਵਰ’, ਸਰਕਾਰਾਂ ਦੀ ਖਿੱਚੋਤਾਣ ’ਚ ਫਸਿਆ ਭਾਖੜਾ ਡੈਮ

Saturday, Feb 28, 2026 - 11:44 AM (IST)

‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਬਣਿਆ ਗੁਜਰਾਤ ਦਾ ‘ਸਰਦਾਰ ਸਰੋਵਰ’, ਸਰਕਾਰਾਂ ਦੀ ਖਿੱਚੋਤਾਣ ’ਚ ਫਸਿਆ ਭਾਖੜਾ ਡੈਮ

ਨੈਸ਼ਨਲ ਡੈਸਕ- ਪ੍ਰੈੱਸ ਇਨਫਾਰਮੇਸ਼ਨ ਬਿਊਰੋ ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਨਾਲ ਗੁਜਰਾਤ ਆਏ ਮੀਡੀਆ ਪ੍ਰਤੀਨਿਧੀਆਂ ਨੂੰ ਇਥੇ ਸਰਦਾਰ ਸਰੋਵਰ ਡੈਮ, ‘ਸਟੈਚੂ ਆਫ ਯੂਨਿਟੀ’ ਅਤੇ ਉਸ ਦੇ ਨੇੜਲੇ ਵਿਗਿਆਨਕ ਚਮਤਕਾਰਾਂ ਨਾਲ ਵਿਕਸਿਤ ਹੋਏ ਕਈ ਸੈਰ-ਸਪਾਟਾ ਸਥਾਨਾਂ ਨੂੰ ਦੇਖਣ ਦਾ ਮੌਕਾ ਮਿਲਿਆ। ਗੁਜਰਾਤ ਦੇ ਕੇਵੜੀਆ ਵਿਚ ਸਥਿਤ ਸਰਦਾਰ ਸਰੋਵਰ ਡੈਮ ਦੇਖਦਿਆਂ ਹੀ ਪੰਜਾਬ-ਹਿਮਾਚਲ ਦੀ ਸਰਹੱਦ ’ਤੇ ਸਥਿਤ ਭਾਖੜਾ ਡੈਮ ਦੀ ਯਾਦ ਆ ਗਈ। ਸਰਕਾਰਾਂ ਵਿਚਾਲੇ ਤਾਲਮੇਲ ਦੀ ਕਮੀ ਅਤੇ ਅਫ਼ਸਰਸ਼ਾਹੀ ਦੀਆਂ ਪੇਚੀਦਗੀਆਂ ਕਾਰਨ ਭਾਖੜਾ ਡੈਮ ਆਪਣੀ ਸੈਰ-ਸਪਾਟਾ ਸਮਰੱਥਾ ਨੂੰ ਪੂਰੀ ਤਰ੍ਹਾਂ ਵਿਕਸਿਤ ਨਹੀਂ ਕਰ ਸਕਿਆ ਹੈ, ਜਦ ਕਿ ਸਰਦਾਰ ਸਰੋਵਰ ਡੈਮ ਵਿਸ਼ਵ ਭਰ ਵਿਚ ਇਕ ‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਵਜੋਂ ਉੱਭਰਿਆ ਹੈ।

ਸਰਦਾਰ ਸਰੋਵਰ ’ਚ ਸੁਰੱਖਿਆ ਅਤੇ ਸੈਰ-ਸਪਾਟਾ ਨਾਲ-ਨਾਲ

ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ’ਤੇ ਬਣਿਆ ਭਾਖੜਾ ਡੈਮ (ਗੋਬਿੰਦ ਸਾਗਰ ਝੀਲ) ਕੁਦਰਤੀ ਸੁੰਦਰਤਾ ਦੇ ਮਾਮਲੇ ਵਿਚ ਕਿਸੇ ਵੀ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਤੋਂ ਘੱਟ ਨਹੀਂ ਹੈ। ‘ਆਧੁਨਿਕ ਭਾਰਤ ਦੇ ਮੰਦਰ’ ਕਹੇ ਜਾਣ ਵਾਲੇ ਇਸ ਡੈਮ ਦਾ ਪ੍ਰਬੰਧਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਕਰਦਾ ਹੈ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਹੈ। ਸੈਰ-ਸਪਾਟਾ ਵਿਕਸਿਤ ਕਰਨ ਲਈ ਇਨ੍ਹਾਂ ਰਾਜਾਂ ਅਤੇ ਕੇਂਦਰ ਵਿਚਾਲੇ ਇੱਕਮਤ ਹੋਣਾ ਮੁਸ਼ਕਲ ਰਿਹਾ ਹੈ। ਪੰਜਾਬ ਅਤੇ ਹਿਮਾਚਲ ਵਿਚਾਲੇ ਅਕਸਰ ਅਧਿਕਾਰ ਖੇਤਰ ਅਤੇ ਰਾਇਲਟੀ ਨੂੰ ਲੈ ਕੇ ਖਿੱਚੋਤਾਣ ਰਹਿੰਦੀ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਖੜਾ ਡੈਮ ਦੇ ਕੋਲ ਫੋਟੋਗ੍ਰਾਫੀ ਅਤੇ ਸੈਲਾਨੀਆਂ ਦੀ ਆਵਾਜਾਈ ’ਤੇ ਸਖ਼ਤ ਪਾਬੰਦੀਆਂ ਹਨ, ਜਦਕਿ ਸਰਦਾਰ ਸਰੋਵਰ ਵਿਚ ਸੁਰੱਖਿਆ ਅਤੇ ਸੈਰ-ਸਪਾਟਾ ਦੋਵੇਂ ਨਾਲ-ਨਾਲ ਚੱਲ ਰਹੇ ਹਨ।

‘ਸਟੈਚੂ ਆਫ ਯੂਨਿਟੀ’ ਨਾਲ ਡੈਮ ਦੀ ਨੁਹਾਰ ਬਦਲੀ

ਗੁਜਰਾਤ ਦਾ ਸਰਦਾਰ ਸਰੋਵਰ ਡੈਮ ਹੁਣ ਸਿਰਫ਼ ਸਿੰਚਾਈ ਅਤੇ ਬਿਜਲੀ ਦਾ ਸਰੋਤ ਨਹੀਂ ਰਹਿ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨੇ ਇਸ ਨੂੰ ‘ਇਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਪ੍ਰਤੀਕ ਵਿਚ ਬਦਲ ਦਿੱਤਾ ਹੈ। ਸਰਦਾਰ ਵਲੱਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ‘ਸਟੈਚੂ ਆਫ ਯੂਨਿਟੀ’ ਨੇ ਇਸ ਪੂਰੇ ਖੇਤਰ ਦੀ ਨੁਹਾਰ ਬਦਲ ਦਿੱਤੀ ਹੈ। ਇਥੇ ਸਿਰਫ਼ ਡੈਮ ਨਹੀਂ ਹੈ, ਸਗੋਂ ਜੰਗਲ ਸਫ਼ਾਰੀ, ਕਰੂਜ਼, ਰਿਵਰ ਰਾਫਟਿੰਗ, ਵੈਲੀ ਆਫ ਫਲਾਵਰਜ਼ ਅਤੇ ਏਕਤਾ ਮਾਲ ਵਰਗੇ ਆਕਰਸ਼ਣਾਂ ਦਾ ਜਾਲ ਵਿਛਾਇਆ ਗਿਆ ਹੈ। ਸੀ-ਪਲੇਨ ਸੇਵਾ, ਹੈਲੀਕਾਪਟਰ ਰਾਈਡ ਅਤੇ ਆਧੁਨਿਕ ਰੇਲਵੇ ਸਟੇਸ਼ਨ ਨੇ ਸੈਲਾਨੀਆਂ ਲਈ ਪਹੁੰਚ ਸੌਖੀ ਬਣਾਈ ਹੈ। ਇਸ ਸੈਰ-ਸਪਾਟੇ ਨੇ ਸਥਾਨਕ ਆਦਿਵਾਸੀ ਭਾਈਚਾਰੇ ਲਈ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਕੀਤੇ ਹਨ।

ਭਾਖੜਾ ’ਚ ਸਾਂਝੀ ਸੈਰ-ਸਪਾਟਾ ਨੀਤੀ ਦੀ ਲੋੜ

ਗੋਬਿੰਦ ਸਾਗਰ ਝੀਲ ਵਿਚ ਜਲ ਖੇਡਾਂ ਦੀਆਂ ਅਪਾਰ ਸੰਭਾਵਨਾਵਾਂ ਹਨ ਪਰ ਬੁਨਿਆਦੀ ਢਾਂਚੇ (ਹੋਟਲ, ਕਨੈਕਟੀਵਿਟੀ, ਆਧੁਨਿਕ ਆਵਾਜਾਈ) ਦੀ ਘਾਟ ਕਾਰਨ ਇਥੇ ਸੈਲਾਨੀ ਸਿਰਫ਼ ਇਕ ਝਲਕ ਦੇਖਣ ਹੀ ਆਉਂਦੇ ਹਨ, ਰੁਕਦੇ ਨਹੀਂ। ਗੁਜਰਾਤ ਨੇ ਇਹ ਸਾਬਤ ਕੀਤਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਸਾਫ਼ ਹੋਵੇ, ਤਾਂ ਇਕ ਡੈਮ ਸਿਰਫ਼ ਜਲ ਸਰੋਤ ਨਹੀਂ, ਸਗੋਂ ਇਕ ਆਰਥਿਕ ਇੰਜਣ ਬਣ ਸਕਦਾ ਹੈ। ਦੂਜੇ ਪਾਸੇ, ਭਾਖੜਾ ਡੈਮ ਦੀ ਸਥਿਤੀ ਇਹ ਸਬਕ ਦਿੰਦੀ ਹੈ ਕਿ ਜਦੋਂ ਤੱਕ ਅੰਤਰ-ਰਾਜੀ ਵਿਵਾਦਾਂ ਨੂੰ ਲਾਂਭੇ ਰੱਖ ਕੇ ਇੱਕ ‘ਸਾਂਝੀ ਸੈਰ-ਸਪਾਟਾ ਨੀਤੀ’ ਨਹੀਂ ਬਣਾਈ ਜਾਵੇਗੀ, ਤੱਕ ਤੱਕ ਉੱਤਰ ਭਾਰਤ ਦਾ ਇਹ ਅਣਮੋਲ ਖ਼ਜ਼ਾਨਾ ਸਿਰਫ਼ ਫਾਈਲਾਂ ਅਤੇ ਬਿਜਲੀ ਉਤਪਾਦਨ ਤੱਕ ਹੀ ਸੀਮਤ ਰਹੇਗਾ। ਭਾਖੜਾ ਨੂੰ ਅੱਜ ਸਿਆਸੀ ਇੱਛਾ ਅਤੇ ਸਰਦਾਰ ਸਰੋਵਰ ਵਰਗੇ ‘ਮਾਡਲ’ ਦੀ ਸਖ਼ਤ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News