ਦੁਨੀਆ ਨੂੰ 5,000 ਸਾਲ ਪੁਰਾਣੀ ਵਿਰਾਸਤ ਦੇ ਲਾਈਵ ਦਰਸ਼ਨ ਕਰਵਾਏਗਾ ਗੁਜਰਾਤ
Thursday, Feb 26, 2026 - 12:27 AM (IST)
ਅਹਿਮਦਾਬਾਦ- ਗੁਜਰਾਤ ਦੇ ਭਾਲ ਖੇਤਰ ਵਿਚ ਸਥਿਤ ਲੋਥਲ, ਜੋ ਕਦੇ ਸਿੰਧੂ ਘਾਟੀ ਸੱਭਿਅਤਾ ਦੀ ਸਭ ਤੋਂ ਰਣਨੀਤਕ ਬੰਦਰਗਾਹ ਸੀ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਤਹਿਤ ‘ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ’ (ਐੱਨ. ਐੱਮ. ਐੱਚ. ਸੀ.) ਰਾਹੀਂ ਵਿਸ਼ਵ ਪੱਧਰ ’ਤੇ ਪਰਤ ਰਿਹਾ ਹੈ। ਇਹ ਪ੍ਰਾਜੈਕਟ ਸਿਰਫ਼ ਅਤੀਤ ਦੀ ਕੋਈ ਯਾਦਗਾਰ ਨਹੀਂ, ਸਗੋਂ ਆਧੁਨਿਕ ਭਾਰਤ ਦੇ ‘ਵਿਕਾਸ ਵੀ, ਵਿਰਾਸਤ ਵੀ’ ਸੰਕਲਪ ਦਾ ਜਿਊਂਦਾ-ਜਾਗਦਾ ਸਬੂਤ ਹੈ।
ਪ੍ਰਾਚੀਨ ਇੰਜੀਨੀਅਰਿੰਗ ਅਤੇ ਆਧੁਨਿਕ ਅਰਥਵਿਵਸਥਾ ਦਾ ਸੰਗਮ
ਲੋਥਲ ਦਾ 4500 ਸਾਲ ਪੁਰਾਣਾ ਬਣਾਉਟੀ ਗੋਦੀ (ਡਾਕਯਾਰਡ) ਦੁਨੀਆ ਨੂੰ ਦੱਸਦਾ ਹੈ ਕਿ ਭਾਰਤ ਨੇ ਹਾਈਡ੍ਰੋ-ਡਾਇਨਾਮਿਕਸ ਅਤੇ ਜਵਾਰਭਾਟੇ ਦੇ ਵਿਗਿਆਨ ਨੂੰ ਉਦੋਂ ਸਮਝ ਲਿਆ ਸੀ ਜਦੋਂ ਬਾਕੀ ਦੁਨੀਆ ਅਜੇ ਸ਼ੁਰੂਆਤੀ ਪੜਾਅ ਵਿਚ ਸੀ।
ਮੈਸੋਪੋਟਾਮੀਆ ਅਤੇ ਮਿਸਰ ਨਾਲ ਵਪਾਰ ਕਰਨ ਵਾਲਾ ਇਹ ਸਥਾਨ ਅੱਜ 4,500 ਕਰੋੜ ਰੁਪਏ ਦੇ ਨਿਵੇਸ਼ ਨਾਲ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੱਭਿਆਚਾਰਕ ਸੈਰ-ਸਪਾਟਾ ਕੇਂਦਰ ਵਿਚ ਬਦਲ ਰਿਹਾ ਹੈ। ਸਭ ਤੋਂ ਉੱਚੇ ਸਮੁੰਦਰੀ ਅਜਾਇਬਘਰ (ਮਿਊਜ਼ੀਅਮ) ਰਾਹੀਂ ਇਹ ਸਥਾਨ ਸਿਰਫ਼ ਖੰਡਰ ਨਹੀਂ, ਸਗੋਂ ਇਕ ‘ਲਿਵਿੰਗ ਹਿਸਟਰੀ’ ਬਣੇਗਾ, ਜੋ ਦੁਨੀਆ ਨੂੰ 5,000 ਸਾਲ ਪੁਰਾਣੀ ਗੁਜਰਾਤ ਦੀ ਵਿਰਾਸਤ ਦੇ ਲਾਈਵ ਦਰਸ਼ਨ ਕਰਵਾਏਗਾ।
ਲੋਥਲ ਅਤੇ ਰੋਪੜ : ਇਕ ਸੱਭਿਅਤਾ, ਦੋ ਕਿਨਾਰੇ
ਲੋਥਲ (ਸਾਬਰਮਤੀ-ਭੋਗਵਾ ਤੱਟ) ਅਤੇ ਪੰਜਾਬ ਦਾ ਰੋਪੜ (ਸਤਲੁਜ ਤੱਟ) ਸਿੰਧੂ ਸੱਭਿਅਤਾ ਦੇ ਦੋ ਮਜ਼ਬੂਤ ਥੰਮ੍ਹ ਰਹੇ ਹਨ। ਜਿੱਥੇ ਲੋਥਲ ਸਮੁੰਦਰੀ ਵਪਾਰ ਦਾ ਦਰਵਾਜ਼ਾ ਸੀ, ਉੱਥੇ ਰੋਪੜ ਉਪਜਾਊ ਜ਼ਮੀਨ ਅਤੇ ਅੰਦਰੂਨੀ ਜਲ ਮਾਰਗਾਂ ਰਾਹੀਂ ਸੱਭਿਅਤਾ ਦਾ ਪਾਲਣ-ਪੋਸ਼ਣ ਕਰਦਾ ਸੀ। ਇਨ੍ਹਾਂ ਦੋਵਾਂ ਵਿਚਕਾਰ ਸਾਂਝੀ ਕੜੀ ਉੱਨਤ ਜਲ ਪ੍ਰਬੰਧਨ ਅਤੇ ਸ਼ਹਿਰੀ ਯੋਜਨਾਬੰਦੀ, ਅੱਜ ਦੇ ਸ਼ਹਿਰੀ ਸੰਕਟਾਂ ਦਾ ਹੱਲ ਪੇਸ਼ ਕਰਦੀ ਹੈ। ਪੰਜਾਬ, ਜੋ ਆਪਣੀ ਇਤਿਹਾਸਕ ਅਤੇ ਖੇਤੀ ਪ੍ਰਧਾਨ ਪਛਾਣ ਲਈ ਜਾਣਿਆ ਜਾਂਦਾ ਹੈ, ਲੋਥਲ ਪ੍ਰਾਜੈਕਟ ਤੋਂ ਤਿੰਨ ਮੁੱਖ ਸਬਕ ਲੈ ਸਕਦਾ ਹੈ।
ਵਿਰਾਸਤ ਨੂੰ ਆਰਥਿਕਤਾ ਨਾਲ ਜੋੜਨਾ
ਲੋਥਲ ਵਾਂਗ ਪੰਜਾਬ ਨੂੰ ਸੰਘੋਲ ਅਤੇ ਰੋਪੜ ਵਰਗੀਆਂ ਪੁਰਾਤੱਤਵ ਸਾਈਟਾਂ ਨੂੰ ਸਿਰਫ਼ ‘ਸੁਰੱਖਿਅਤ ਖੇਤਰ’ ਵਜੋਂ ਰੱਖਣ ਦੀ ਬਜਾਏ ‘ਐਕਸਪੀਰੀਐਂਸ ਟੂਰਿਜ਼ਮ’ ਵਜੋਂ ਵਿਕਸਤ ਕਰਨਾ ਚਾਹੀਦਾ ਹੈ।
ਐਗਰੋ-ਹੈਰੀਟੇਜ ਟੂਰਿਜ਼ਮ
ਪੰਜਾਬ ਇਕ ‘ਖੇਤੀਬਾੜੀ ਅਜਾਇਬਘਰ’ ਬਣਾ ਸਕਦਾ ਹੈ, ਜੋ ਹੜੱਪਾ ਕਾਲ ਦੀ ਖੇਤੀ ਤੋਂ ਲੈ ਕੇ ਹਰੀ ਕ੍ਰਾਂਤੀ ਤੱਕ ਦੇ ਸਫ਼ਰ ਨੂੰ ਪ੍ਰਦਰਸ਼ਿਤ ਕਰੇ। ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ।
ਡਿਜੀਟਲ ਬ੍ਰਾਂਡਿੰਗ
ਜਿਸ ਤਰ੍ਹਾਂ ਗੁਜਰਾਤ ਦੇ ਇਸ ਪ੍ਰਾਜੈਕਟ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬ੍ਰਾਂਡ ਕੀਤਾ ਜਾ ਰਿਹਾ ਹੈ, ਪੰਜਾਬ ਨੂੰ ਆਪਣੇ ਸਿੱਖ ਇਤਿਹਾਸ ਅਤੇ ਆਜ਼ਾਦੀ ਸੰਗਰਾਮ ਦੀਆਂ ਗਾਥਾਵਾਂ ਨੂੰ ਆਧੁਨਿਕ ਤਕਨੀਕ (ਲਾਈਟ ਐਂਡ ਸਾਊਂਡ, 3ਡੀ. ਮੈਪਿੰਗ) ਨਾਲ ਜੋੜ ਕੇ ਇਕ ‘ਗਲੋਬਲ ਹੈਰੀਟੇਜ ਸਰਕਟ’ ਤਿਆਰ ਕਰਨਾ ਚਾਹੀਦਾ ਹੈ।
ਲੋਥਲ ਦਾ ਪੁਨਰ-ਉਥਾਨ ਸਿੱਧ ਕਰਦਾ ਹੈ ਕਿ ਇਤਿਹਾਸ ਸਿਰਫ਼ ਅਤੀਤ ਨਹੀਂ, ਸਗੋਂ ਭਵਿੱਖ ਦੀ ਨੀਂਹ ਹੈ। ਇਹ ਪ੍ਰਾਜੈਕਟ ਪੰਜਾਬ ਵਰਗੇ ਸੂਬਿਆਂ ਲਈ ਇਕ ਰੋਡਮੈਪ ਹੈ ਕਿ ਕਿਵੇਂ ਆਪਣੀਆਂ ਜੜ੍ਹਾਂ ’ਤੇ ਮਾਣ ਕਰਦੇ ਹੋਏ ਸੈਰ-ਸਪਾਟਾ ਅਤੇ ਤਕਨੀਕ ਰਾਹੀਂ ਅਰਥਵਿਵਸਥਾ ਨੂੰ ਨਵੀਂ ਉਡਾਨ ਦਿੱਤੀ ਜਾ ਸਕਦੀ ਹੈ।
