ਨੋਇਡਾ ਦੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Sunday, Aug 18, 2024 - 09:45 AM (IST)
ਨੋਇਡਾ- ਸ਼ਨੀਵਾਰ ਨੂੰ ਨੋਇਡਾ ਦੇ ਸੈਕਟਰ-18 ’ਚ ਡੀ. ਐੱਲ. ਐੱਫ. ਮਾਲ ਆਫ਼ ਇੰਡੀਆ ’ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੁਲਸ ਨੇ ਮਾਲ ਨੂੰ ਖਾਲੀ ਕਰਵਾ ਲਿਆ। ਵਧੀਕ ਪੁਲਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਸ਼ਿਵਹਰੀ ਮੀਨਾ ਨੇ ਕਿਹਾ ਕਿ ਇਕ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਮਾਲ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਈ-ਮੇਲ ਫਰਜ਼ੀ ਜਾਪਦੀ ਹੈ। ਮਾਲ ਅਧਿਕਾਰੀਆਂ ਨੇ ਦੁਪਹਿਰ 1.35 ਵਜੇ ਦੇ ਕਰੀਬ ਇਕ ਬਿਆਨ ’ਚ ਕਿਹਾ ਕਿ ਇਹ ‘ਸਰਗਰਮੀ’ ਨੋਇਡਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤੀ ਗਈ। ਇਕ ਸੁਰੱਖਿਆ ਅਭਿਆਸ ਸੀ।
ਮੀਨਾ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਨੂੰ ਧਿਆਨ ’ਚ ਰੱਖਦਿਆਂ ਗੌਤਮ ਬੁੱਧ ਨਗਰ ਕਮਿਸ਼ਨਰੇਟ ਵਿਚ ਵੱਖ-ਵੱਖ ਥਾਵਾਂ ’ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਈ-ਮੇਲ ’ਤੇ ਸੂਚਨਾ ਮਿਲਣ ਤੋਂ ਬਾਅਦ ਮਾਲ ’ਚ ਸੁਰੱਖਿਆ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।