‘ਡਿਜੀਟਲ ਅਰੈਸਟ’ ਰਾਹੀਂ ਬਜ਼ੁਰਗ ਨਾਲ 1.16 ਕਰੋੜ ਰੁਪਏ ਦੀ ਠੱਗੀ, 3 ਮੁਲਜ਼ਮ ਗ੍ਰਿਫ਼ਤਾਰ
Saturday, Dec 13, 2025 - 08:03 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਇਕ ਬਜ਼ੁਰਗ ਵਿਅਕਤੀ ਨੂੰ ‘ਡਿਜੀਟਲੀ ਅਰੈਸਟ’ ਕਰ ਕੇ ਉਸ ਨਾਲ 1.16 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਸਾਈਬਰ ਧੋਖਾਦੇਹੀ ਸਿੰਡੀਕੇਟ ਦੇ 3 ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਕ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵਜੋਂ ਪੇਸ਼ ਹੋ ਕੇ ਮੁਲਜ਼ਮਾਂ ਨੇ 82 ਸਾਲਾ ਪੀੜਤ ਵਿਅਕਤੀ ਨੂੰ ਵੀਡੀਓ ਕਾਲ ਦੌਰਾਨ ਜਾਅਲੀ ਗ੍ਰਿਫ਼ਤਾਰੀ ਦਾ ਹੁਕਮ ਵਿਖਾਇਆ।
ਦਬਾਅ ਤੇ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੀ ਵਰਤੋਂ ਕਰ ਕੇ ਬਜ਼ੁਰਗ ਵਿਅਕਤੀ ਨੂੰ ਕੁੱਲ 1.16 ਕਰੋੜ ਰੁਪਏ ਇਕ ਬੈਂਕ ਖਾਤੇ ’ਚ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਬਟੋਰੀ ਗਈ ਰਕਮ ਦਾ ਇਕ ਵੱਡਾ ਹਿੱਸਾ ਜੋ ਲਗਭਗ 1.10 ਕਰੋੜ ਰੁਪਏ ਹੈ, ਹਿਮਾਚਲ ਪ੍ਰਦੇਸ਼ ਸਥਿਤ ਇਕ ਐੱਨ. ਜੀ. ਓ. ਦੇ ਕਰੰਟ ਅਕਾਊਂਟ ’ਚ ਜਮ੍ਹਾ ਕੀਤਾ ਗਿਆ ਸੀ। ਇਹ ਖਾਤਾ ਕਥਿਤ ਤੌਰ ’ਤੇ ਪਟਨਾ ਤੋਂ ਧੋਖਾਦੇਹੀ ਕਰਨ ਵਾਲਿਆਂ ਵੱਲੋਂ ਚਲਾਇਆ ਜਾ ਰਿਹਾ ਸੀ।
