ਪੁੱਤਰ ਦੀ ਇੱਛਾ ’ਚ ਵਿਆਹੁਤਾ ਦਾ ਕਤਲ, ਪਤੀ ਤੇ ਸੱਸ ਹਿਰਾਸਤ ’ਚ
Thursday, Sep 25, 2025 - 08:59 PM (IST)

ਨੋਇਡਾ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ’ਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਵਿਚ ਤਾਇਨਾਤ ਜਵਾਨ ਸੋਨੂੰ ਮਲਿਕ ਅਤੇ ਉਸਦੀ ਮਾਂ ’ਤੇ ਆਪਣੀ ਨੂੰਹ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲੱਗਾ ਹੈ। ਪੁਲਸ ਨੇ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਬਾਗਪਤ ਨਿਵਾਸੀ ਅੰਕਿਤ ਤੋਮਰ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਦੀ ਭੈਣ ਰਿਤੂ ਦਾ ਵਿਆਹ 2014 ਵਿਚ ਸੋਨੂੰ ਮਲਿਕ ਨਾਲ ਹੋਇਆ ਸੀ।
ਵਿਆਹ ਦੇ ਬਾਅਦ ਰਿਤੂ ਦੇ ਘਰ 2 ਧੀਆਂ ਹੋਈਆਂ ਜਿਸ ਦੇ ਕਾਰਨ ਪਤੀ ਅਤੇ ਸੱਸ ਉਸ ’ਤੇ ਪੁੱਤਰ ਪੈਦਾ ਕਰਨ ਲਈ ਦਬਾਅ ਪਾਉਂਦੇ ਰਹੇ। ਸ਼ਿਕਾਇਤ ਅਨੁਸਾਰ, ਮੁਲਜ਼ਮਾਂ ਨੇ ਰਿਤੂ ਦਾ ਗਰਭ ਅਵਸਥਾ ਦੌਰਾਨ ਲਿੰਗ ਪ੍ਰੀਖਣ ਕਰਵਾਇਆ ਅਤੇ 2 ਵਾਰ ਗਰਭਪਾਤ ਵੀ ਕਰਵਾਇਆ। ਪੁੱਤਰ ਪੈਦਾ ਨਾ ਹੋਣ ’ਤੇ ਰਿਤੂ ਦੇ ਨਾਲ ਲਗਾਤਾਰ ਕੁੱਟਮਾਰ ਹੁੰਦੀ ਰਹੀ।
ਤੋਮਰ ਨੇ ਦੋਸ਼ ਲਗਾਇਆ ਕਿ 23 ਸਤੰਬਰ ਦੀ ਰਾਤ ਕੁੱਟਮਾਰ ਅਤੇ ਧਮਕੀਆਂ ਦੇਣ ਤੋਂ ਬਾਅਦ ਰਿਤੂ ਨੂੰ ਜ਼ਹਿਰੀਲਾ ਪਦਾਰਥ ਖੁਆਇਆ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਸ ਨੇ ਕਤਲ ਦੇ ਦੋਸ਼ ਵਿਚ ਪਤੀ ਸੋਨੂੰ ਮਲਿਕ ਅਤੇ ਉਸਦੀ ਮਾਂ ਸ਼ਕੁੰਤਲਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।