ਹਿੰਦੂ ਸੰਤ ਨੂੰ ਨਹੀਂ ਮਿਲੀ ਰਾਹਤ, 2 ਜਨਵਰੀ ਤੱਕ ਜੇਲ੍ਹ 'ਚ ਹੀ ਰਹਿਣਗੇ ਚਿਨਮਯ ਕ੍ਰਿਸ਼ਨ ਦਾਸ
Tuesday, Dec 03, 2024 - 06:18 PM (IST)
ਢਾਕਾ (ਏਜੰਸੀ)- ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਨੁਮਾਇੰਦਗੀ ਕਰਨ ਲਈ ਕੋਈ ਵਕੀਲ ਨਾ ਉਪਲਬਧ ਹੋਣ ਕਾਰਨ ਉਨ੍ਹਾਂ ਨੂੰ ਬੰਗਲਾਦੇਸ਼ ਦੀ ਇਕ ਅਦਾਲਤ ਤੋਂ ਮੰਗਲਵਾਰ ਨੂੰ ਕੋਈ ਰਾਹਤ ਨਹੀਂ ਮਿਲ ਸਕੀ ਅਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਇਕ ਮਹੀਨੇ ਲਈ ਮੁਲਤਵੀ ਕਰ ਦਿੱਤੀ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। 'BDnews24.com' ਨੇ ਚਟਗਾਂਵ ਮੈਟਰੋਪੋਲੀਟਨ ਪੁਲਸ ਦੇ ਏਡੀਸੀ (ਪ੍ਰੌਸੀਕਿਊਸ਼ਨ) ਮੋਫਿਜ਼ੁਰ ਰਹਿਮਾਨ ਦੇ ਹਵਾਲੇ ਨਾਲ ਕਿਹਾ ਕਿ ਮੰਗਲਵਾਰ ਨੂੰ ਜ਼ਮਾਨਤ ਪਟੀਸ਼ਨ 'ਤੇ ਮੁੱਢਲੀ ਸੁਣਵਾਈ ਤੋਂ ਬਾਅਦ ਜੱਜ ਨੇ ਅਗਲੀ ਸੁਣਵਾਈ ਲਈ 2 ਜਨਵਰੀ ਦੀ ਤਰੀਕ ਤੈਅ ਕੀਤੀ।
ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
ਉਨ੍ਹਾਂ ਕਿਹਾ ਕਿ ਇੱਕ ਮਹੀਨੇ ਬਾਅਦ ਹੀ ਪਤਾ ਲੱਗੇਗਾ ਕਿ ਦਾਸ ਨੂੰ ਉਨ੍ਹਾਂ ਖ਼ਿਲਾਫ਼ ਦਰਜ ਦੇਸ਼ਧ੍ਰੋਹ ਦੇ ਕੇਸ ਵਿੱਚ ਜ਼ਮਾਨਤ ਮਿਲੇਗੀ ਜਾਂ ਨਹੀਂ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਚਟਗਾਂਵ ਮੈਟਰੋਪੋਲੀਟਨ ਸੈਸ਼ਨ ਜੱਜ ਮੁਹੰਮਦ ਸੈਫੁਲ ਇਸਲਾਮ ਦੀ ਅਦਾਲਤ 'ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਣੀ ਸੀ ਪਰ ਚਿਨਮਯ ਦਾ ਕੋਈ ਵਕੀਲ ਪੇਸ਼ ਨਹੀਂ ਹੋਇਆ। ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੇ ਮੱਦੇਨਜ਼ਰ ਚਟਗਾਂਵ ਕੋਰਟ ਕੰਪਲੈਕਸ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਵੱਖ-ਵੱਖ ਬਲਾਂ ਦੇ ਸੁਰੱਖਿਆ ਅਧਿਕਾਰੀ ਵੱਡੀ ਗਿਣਤੀ 'ਚ ਤਾਇਨਾਤ ਸਨ। ਦਾਸ ਨੂੰ ਪੇਸ਼ੀ ਲਈ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ
ਚਟਗਾਂਵ ਬਾਰ ਐਸੋਸੀਏਸ਼ਨ ਦੇ ਇੱਕ ਆਗੂ ਅਤੇ ਹੋਰ ਵਕੀਲਾਂ ਨੂੰ ਅਦਾਲਤ ਦੇ ਕੰਪਲੈਕਸ ਵਿੱਚ ਰੋਸ ਮਾਰਚ ਕੱਢਦੇ ਦੇਖਿਆ ਗਿਆ। ਬੰਗਲਾਦੇਸ਼-ਸੰਗਠਿਤ ਸਨਾਤਨੀ ਜਾਗਰਣ ਜੋਤ ਦੇ ਬੁਲਾਰੇ ਦਾਸ ਨੂੰ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੇਸ਼-ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 26 ਨਵੰਬਰ ਨੂੰ ਚਟਗਾਂਵ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਬੰਗਲਾਦੇਸ਼ ਦੇ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਟਗਾਂਵ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੀ ਹਿੰਸਾ ਵਿੱਚ ਇੱਕ ਵਕੀਲ ਦੀ ਮੌਤ ਹੋ ਗਈ ਸੀ।
ਦਾਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਮੁੜ ਮੁਕੱਦਮੇ ਦੀ ਮੰਗ ਲਈ ਇੱਕ ਰੀਵੀਜ਼ਨ ਪਟੀਸ਼ਨ ਦਾਇਰ ਕੀਤੀ ਪਰ ਉਸ ਦਿਨ ਕੋਈ ਸੁਣਵਾਈ ਨਹੀਂ ਹੋਈ। ਅਗਸਤ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਤਣਾਅਪੂਰਨ ਹਨ। ਭਾਰਤ ਨੇ ਬੰਗਲਾਦੇਸ਼ 'ਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ 'ਤੇ ਹੋ ਰਹੇ ਹਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਕ ਹਮਲਿਆਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਪਾਰਕਿੰਗ ਫੀਸ ਭਰਨ 'ਚ 5 ਮਿੰਟ ਦੀ ਦੇਰੀ, ਭਰਨਾ ਪਿਆ 2 ਲੱਖ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8