ਕੋਲੈਸਟ੍ਰੋਲ ਨਹੀਂ, ਕਾਰਬੋਹਾਈਡ੍ਰੇਟਸ ਕਾਰਨ ਹੋ ਰਿਹੈ ਧਮਣੀ ਰੋਗ
Thursday, Aug 30, 2018 - 11:40 PM (IST)

ਨਵੀਂ ਦਿੱਲੀ — ਭਾਰਤ 'ਚ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਤਿੰਨ ਦਹਾਕਿਆਂ 'ਚ ਭਾਰਤੀਆਂ ਵਿਚ ਕੋਰੋਨਰੀ ਧਮਣੀ ਰੋਗ (ਸੀ. ਏ. ਡੀ.) 'ਚ 300 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਬੀਮਾਰੀ ਤੋਂ ਪੀੜਤ ਲੋਕਾਂ 'ਚੋਂ 2 ਤੋਂ 6 ਫੀਸਦੀ ਮਰੀਜ਼ ਪਿੰਡ 'ਚ ਰਹਿੰਦੇ ਹਨ। ਸ਼ਹਿਰੀ ਭਾਰਤ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ 4 ਤੋਂ 12 ਫੀਸਦੀ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਧਮਣੀ ਰੋਗ ਲਈ ਕੋਲੈਸਟ੍ਰੋਲ ਜ਼ਿੰਮੇਵਾਰ ਹੈ ਪਰ ਹਾਲ ਹੀ ਦੇ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਬੋਹਾਈਡ੍ਰੇਟ, ਰਿਫਾਇੰਡ ਆਇਲ ਅਤੇ ਖੰਡ ਕਾਰਨ ਬੀਮਾਰੀ ਜ਼ਿਆਦਾ ਹੁੰਦੀ ਹੈ ਅਤੇ ਕੋਲੈਸਟ੍ਰੋਲ ਇਸ ਲਈ ਜ਼ਿੰਮੇਵਾਰ ਨਹੀਂ ਹੈ।
ਖੋਜ ਤੋਂ ਪਤਾ ਲੱਗਦਾ ਹੈ ਕਿ 60 ਫੀਸਦੀ ਤੋਂ ਵੱਧ ਊਰਜਾ ਵਾਲੇ ਕਾਰਬੋਹਾਈਡ੍ਰੇਟ ਨਾਲ ਤਿਆਰ ਖੁਰਾਕੀ ਪਦਾਰਥ ਮੌਤ ਦਰ ਦੇ ਖਤਰੇ ਨਾਲ ਜੁੜਿਆ ਹੋਇਆ ਹੈ। ਖਾਣੇ ਵਿਚ ਮੌਜੂਦ ਕੋਲੈਸਟ੍ਰੋਲ ਨਾਲ ਬਲੱਡ ਕੋਲੈਸਟ੍ਰੋਲ ਦੇ ਪੱਧਰ 'ਤੇ ਬਹੁਤ ਘੱਟ ਪ੍ਰਭਾਵ ਪੈਂਦਾ ਹੈ। ਇਸ ਬਾਰੇ ਪਟਪੜਗੰਜ ਸਥਿਤ ਮੈਕਸ ਬਾਲਾਜੀ ਹਸਪਤਾਲ ਦੀ ਕਾਰਡੀਅਕ ਕੈਥ ਲੈਬ ਦੇ ਹੈੱਡ ਡਾ. ਮਨੋਜ ਕੁਮਾਰ ਦੱਸਦੇ ਹਨ ਕਿ ਕੋਰੋਨਰੀ ਧਮਣੀ ਰੋਗ ਉਦੋਂ ਹੁੰਦਾ ਹੈ, ਜਦੋਂ ਦਿਲ ਦੀਆਂ ਮਾਸਪੇਸ਼ੀਆਂ ਵਿਚ ਬਲੱਡ ਸਪਲਾਈ ਕਰਨ ਵਾਲੀ ਧਮਣੀ ਸਖਤ ਅਤੇ ਸੁੰਗੜ ਜਾਂਦੀ ਹੈ। ਕੋਰੋਨਰੀ ਧਮਣੀ ਰੋਗ ਸਿਰਫ ਖਤਰਨਾਕ ਨਹੀਂ ਹੈ ਸਗੋਂ ਇਹ ਇਕ ਅਜਿਹੇ ਮੋੜ 'ਤੇ ਪਹੁੰਚ ਸਕਦਾ ਹੈ, ਜਿਥੇ ਵਿਅਕਤੀ ਨੂੰ ਆਰਾਮ ਕਰਦੇ ਹੋਏ ਵੀ ਇਸਕੈਮੀਆ ਹੋ ਸਕਦਾ ਹੈ। ਇਹ ਇਕ ਮੈਡੀਕਲ ਐਮਰਜੈਂਸੀ ਹੈ ਅਤੇ ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਇਸਕੈਮੀਆ ਦਿਲ ਦੀ ਬੀਮਾਰੀ ਵਾਲੇ ਕਿਸੇ ਵੀ ਵਿਅਕਤੀ 'ਚ ਚਿਤਾਵਨੀ ਤੋਂ ਬਿਨਾਂ ਹੁੰਦਾ ਹੈ। ਇਸ ਦੇ ਨਾਲ ਹੀ ਡਾਇਬਟੀਜ਼ ਵਾਲੇ ਲੋਕਾਂ ਵਿਚ ਇਹ ਆਮ ਹੈ। ਕੋਰੋਨਰੀ ਧਮਣੀ ਰੋਗ ਲਈ ਐਂਜੀਓਪਲਾਸਟੀ ਆਸਾਨ ਇਲਾਜ ਹੈ। ਇਹ ਪ੍ਰਕਿਰਿਆ ਹਾਰਟ ਵਿਚ ਖੂਨ ਦੀ ਸਪਲਾਈ ਕਰਨ ਵਾਲੀਆਂ ਸੁੰਗੜੀਆਂ ਜਾਂ ਬਲਾਕਡ ਨਾੜੀਆਂ ਨੂੰ ਖੋਲ੍ਹਣ 'ਚ ਮਦਦ ਕਰਦੀ ਹੈ।