ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੁਰਸੀ ਬਚਾਉਣ ਲਈ ਖੇਡਿਆ ਨਵਾਂ ਦਾਅ

07/17/2017 9:10:47 PM

ਨਵੀਂ ਦਿੱਲੀ— ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਹਾਲ ਹੀ ਦੇ ਸਿਆਸੀ ਘਟਨਾਕ੍ਰਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਜਿਹੀ ਵਰਤੋਂ ਕੀਤੀ ਹੈ ਕਿ ਵੱਡੇ-ਵੱਡੇ ਸਿਆਸਤਦਾਨ ਅੰਦਾਜ਼ਾ ਨਹੀਂ ਲਗਾ ਸਕਦੇ।
ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਵਿਚਕਾਰ ਨਿਤਿਸ਼ ਦੀ ਕੁਰਸੀ ਵੀ ਦਾਅ 'ਤੇ ਹੈ ਪਰ ਜੇਕਰ ਨਿਤੀਸ਼ ਦਾ ਇਹ ਦਾਅ ਸਹੀ ਬੈਠਿਆ ਤਾਂ ਚਿੱਤ ਵੀ ਉਨ੍ਹਾਂ ਦੀ ਹੋਵੇਗੀ ਤੇ ਪੱੱਤ ਵੀ। ਨਿਤਿਸ਼ ਕੁਮਾਰ ਤੇ ਕਾਂਗਰਸ ਦੇ ਵਿਚਕਾਰ 22 ਜੁਲਾਈ ਨੂੰ ਇਕ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ 'ਚ ਤੈਅ ਹੋਵੇਗਾ ਕਿ ਉਨ੍ਹਾਂ ਦੀ ਚਾਲ ਸਿੱਧੀ ਪੈਂਦੀ ਹੈ ਜਾਂ ਨਹੀਂ।
ਕੀ ਹੋਵੇਗਾ ਬਿਹਾਰ 'ਚ ਵਿਚਕਾਰ ਦਾ ਰਸਤਾ
ਨਿਤਿਸ਼ ਕੁਮਾਰ ਜੇਕਰ ਤੇਜਸਵੀ ਯਾਦਵ ਨੂੰ ਹਟਾਉਣ ਦੇ ਆਪਣੇ ਸਟੈਂਡ 'ਤੇ ਕਾਇਮ ਰਹਿੰਦੇ ਹਨ ਤਾਂ ਲਾਲੂ ਪ੍ਰਸਾਦ ਯਾਦਵ ਰਾਜਦ ਦੇ ਸਾਰੇ ਕੈਬਨਿਟ ਮੰਤਰੀਆਂ ਨਾਲ ਸਰਕਾਰ ਤੋਂ ਬਾਹਰ ਆ ਸਕਦੇ ਹਨ। ਅਜਿਹੀ ਸਥਿਤੀ 'ਚ ਉਹ ਸਰਕਾਰ ਦੇ ਬਾਹਰੋਂ ਸਮਰਥਨ ਕਰਦੇ ਰਹਿਣਗੇ ਤੇ ਸਰਕਾਰ ਨਹੀਂ ਡਿੱਗੇਗੀ ਪਰ ਲਾਲੂ ਸੱਤਾ ਤੋਂ ਬਾਹਰ ਹੋ ਜਾਣਗੇ। ਇਹ ਸਥਿਤੀ ਲਾਲੂ ਦੇ ਲਈ ਵੀ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਦੀ ਸਥਿਤੀ ਦੇ ਮੁਕਾਬਲੇ ਜ਼ਿਆਦਾ ਆਦਰਸ਼ ਹੈ। ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਤਾਂ ਦੁਬਾਰਾ ਚੋਣਾਂ ਹੋਣ ਦੀ ਨੌਬਤ ਆ ਜਾਵੇਗੀ, ਜਿਸ ਨਾਲ ਭਾਜਪਾ ਵਿਰੋਧੀ ਸਾਰੇ ਖੇਮੇ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।


Related News