ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ NDA ਸਰਕਾਰ ਨੇ ਹਾਸਲ ਕੀਤੀ ਭਰੋਸੇ ਦੀ ਵੋਟ
Monday, Feb 12, 2024 - 06:15 PM (IST)
ਪਟਨਾ (ਭਾਸ਼ਾ)- ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਨਵੀਂ ਬਣੀ ਐੱਨਡੀਏ ਸਰਕਾਰ ਨੇ ਸੋਮਵਾਰ ਨੂੰ ‘ਮਹਾਗਠਜੋੜ’ ਦੇ ਮੈਂਬਰਾਂ ਦੇ ਵਾਕਆਊਟ ਦੌਰਾਨ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਜਿੱਤ ਲਿਆ। ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ਵਿਚ ਭਰੋਸੇ ਦੇ ਮਤੇ ਦੇ ਹੱਕ ਵਿੱਚ ਕੁੱਲ 129 ਵੋਟਾਂ ਪਈਆਂ ਜਦੋਂ ਕਿ ਵਿਰੋਧੀ ਧਿਰ ਦੇ ਮੈਂਬਰ ਸਦਨ 'ਚੋਂ ਵਾਕਆਊਟ ਕਰ ਗਏ। ਵੋਟਾਂ ਦੀ ਵੰਡ ਸਮੇਂ ਮੀਤ ਪ੍ਰਧਾਨ ਮਹੇਸ਼ਵਰ ਹਜ਼ਾਰੀ ਕੁਰਸੀ 'ਤੇ ਸਨ। ਹਜ਼ਾਰੀ ਨੇ ਸੰਸਦੀ ਕਾਰਜ ਮੰਤਰੀ ਵਿਜੇ ਕੁਮਾਰ ਚੌਧਰੀ ਦੀ ਅਪੀਲ 'ਤੇ ਆਵਾਜ਼ੀ ਵੋਟ ਨਾਲ ਪ੍ਰਸਤਾਵ ਪਾਸ ਹੋਣ ਦੇ ਐਲਾਨ ਤੋਂ ਬਾਅਦ ਮੈਂਬਰਾਂ ਦੀ ਗਿਣਤੀ ਦਾ ਆਦੇਸ਼ ਦਿੱਤਾ। ਕੁਮਾਰ ਨੇ ਹਾਲ ਹੀ ਵਿਚ ਮਹਾਗੱਠਜੋੜ ਨੂੰ ਛੱਡ ਦਿੱਤਾ ਸੀ ਜਿਸ 'ਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁੱਖ ਘਟਕ ਦਲ ਹੈ। ਨਿਤੀਸ਼ ਨੇ ਮੁੜ ਐੱਨਡੀਏ 'ਚ ਵਾਪਸੀ ਕੀਤੀ ਅਤੇ ਭਾਜਪਾ ਦੇ ਸਮਰਥਨ ਨਾਲ ਸਰਕਾਰ ਬਣਾਈ। ਇਸ ਤੋਂ ਪਹਿਲਾਂ ਚਰਚਾ 'ਚ ਹਿੱਸਾ ਲੈਂਦਿਆਂ ਜੇਡੀਯੂ ਪ੍ਰਧਾਨ ਨੇ ਦੋਸ਼ ਲਾਇਆ ਕਿ ਰਾਜ ਵਿਚ ਰਾਜਦ ਆਪਣੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ 'ਚ ਸ਼ਾਮਲ ਸੀ ਅਤੇ ਨਵੀਂ ਐਨਡੀਏ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾਏਗੀ।
ਕੁਮਾਰ ਨੇ ਦਾਅਵਾ ਕੀਤਾ ਕਿ ਆਰਜੇਡੀ ਦੇ ਕਾਰਜਕਾਲ ਦੌਰਾਨ ਬਿਹਾਰ 'ਚ ਕਈ ਫਿਰਕੂ ਦੰਗੇ ਹੋਏ। ਉਨ੍ਹਾਂ ਕਿਹਾ,“ਇੱਥੇ ਕੋਈ ਕਾਨੂੰਨ ਵਿਵਸਥਾ ਨਹੀਂ ਸੀ। ਆਰਜੇਡੀ ਆਪਣੇ ਸ਼ਾਸਨ ਦੌਰਾਨ (2005 ਤੋਂ ਪਹਿਲਾਂ) ਭ੍ਰਿਸ਼ਟਾਚਾਰ 'ਚ ਸ਼ਾਮਲ ਸੀ। ਮੈਂ ਇਸ ਦੀ ਜਾਂਚ ਕਰਵਾਵਾਂਗਾ।'' ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਵਿਧਾਨ ਸਭਾ 'ਚ ਕਿਹਾ ਕਿ ਉਹ ਕੁਮਾਰ ਨੂੰ ਹਮੇਸ਼ਾ 'ਪਿਤਾ ਦੀ ਸ਼ਖਸੀਅਤ' ਮੰਨਦੇ ਸਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ 'ਮਹਾ ਗਠਜੋੜ' ਛੱਡ ਕੇ ਭਾਜਪਾ ਦੀ ਅਗਵਾਈ ਵਾਲੀ 'ਚ ਵਾਪਸੀ ਲਈ ਕਿਉਂ ਮਜ਼ਬੂਰ ਹੋਏ। ਐਨ.ਡੀ.ਏ. ਅਸੈਂਬਲੀ ਵਿਚ ਕੁਮਾਰ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨਡੀਏ) ਸਰਕਾਰ ਦੁਆਰਾ ਪੇਸ਼ ਕੀਤੇ ਗਏ ਭਰੋਸੇ ਦੇ ਮਤੇ 'ਤੇ ਚਰਚਾ ਦੌਰਾਨ, ਤੇਜਸਵੀ ਨੇ ਰਿਕਾਰਡ ਨੌਵੀਂ ਵਾਰ ਅਤੇ 5 ਸਾਲ ਦੇ ਕਾਰਜਕਾਲ ਅੰਦਰ ਤੀਜੀ ਵਾਰ ਸਹੁੰ ਚੁੱਕਣ ਨੂੰ ਲੈ ਕੇ ਵੀ ਮੁੱਖ ਮੰਤਰੀ 'ਤੇ ਤੰਜ ਕੱਸਿਆ ਅਤੇ ਕਿਹਾ ਕਿ ਅਜਿਹਾ ਉਦਾਹਰਣ ਪਹਿਲੇ ਕਦੇ ਨਹੀਂ ਦੇਖਿਆ ਗਿਆ। ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ,''ਮੈਂ ਨਿਤੀਸ਼ ਕੁਮਾਰ ਨੂੰ ਹਮੇਸ਼ਾ 'ਦਸ਼ਰਥ' (ਰਾਮਾਇਣ ਦੇ ਮੁੱਖ ਚਰਿੱਤਰ) ਦੀ ਤਰ੍ਹਾਂ ਮੰਨਿਆ। ਮੈਨੂੰ ਨਹੀਂ ਪਤਾ ਕਿ ਕਿਸ ਕਾਰਨ ਉਹ ਮਹਾਗਠਜੋੜ ਨੂੰ ਧੋਖਾ ਦੇਣ ਲਈ ਮਜ਼ਬੂਰ ਹੋਏ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8