ਨਿਤੀਸ਼, ਸੁਸ਼ੀਲ ਮੋਦੀ ਤੇ ਕੇਂਦਰੀ-ਸੂਬਾਈ ਸਿਹਤ ਮੰਤਰੀਆਂ ਵਿਰੁੱਧ ਲਾਪ੍ਰਵਾਹੀ ਵਰਤਣ ਦਾ ਮਾਮਲਾ ਦਰਜ

06/19/2019 10:36:18 PM

ਪਟਨਾ: ਬਿਹਾਰ 'ਚ ਫੈਲੇ ਜਾਨਲੇਵਾ 'ਚਮਕੀ' ਬੁਖਾਰ ਕਾਰਨ ਬੁੱਧਵਾਰ ਰਾਤ ਤੱਕ 144 ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਸ ਬੀਮਾਰੀ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬੀਮਾਰੀ ਮੁਜ਼ੱਫਰਪੁਰ ਦੇ ਨਾਲ-ਨਾਲ ਬਿਹਾਰ ਦੇ ਕਈ ਹੋਰਨਾਂ ਜ਼ਿਲਿਆਂ ਵਿਚ ਫੈਲ ਚੁਕੀ ਹੈ। ਰੋਜ਼ਾਨਾ ਵੱਖ-ਵੱਖ ਖੇਤਰਾਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬੀਮਾਰੀ ਦੀ ਦਹਿਸ਼ਤ ਇੰਨੀ ਹੈ ਕਿ ਲੋਕ ਆਪਣੇ ਪਿੰਡ ਛੱਡ ਕੇ ਹੋਰਨਾਂ ਥਾਵਾਂ 'ਤੇ ਜਾ ਰਹੇ ਹਨ। ਮੁਜ਼ੱਫਰਪੁਰ ਦੇ ਇਕ ਵਾਸੀ ਮੁਹੰਮਦ ਨਸੀਮ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਅਸ਼ਵਨੀ ਕੁਮਾਰ ਚੌਬੇ ਅਤੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਵਿਰੁੱਧ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਵਿਰੁੱਧ ਇਕ ਸਥਾਨਕ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਅਗਲੀ ਸੁਣਵਾਈ 25 ਜੂਨ ਨੂੰ ਹੋਵੇਗੀ।

ਬੱਚਿਆਂ ਦੇ ਇਲਾਜ ਵਾਲੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ

ਸੁਪਰੀਮ ਕੋਰਟ ਨੇ ਮੁਜ਼ੱਫਰਪੁਰ ਵਿਚ 'ਚਮਕੀ' ਬੁਖਾਰ ਕਾਰਨ ਪੀੜਤ ਬੱਚਿਆਂ ਦੇ ਇਲਾਜ ਲਈ ਤੁਰੰਤ ਡਾਕਟਰੀ ਮਾਹਿਰਾਂ ਦੀ ਟੀਮ ਗਠਿਤ ਕਰਨ ਦਾ ਨਿਰਦੇਸ਼ ਕੇਂਦਰ ਸਰਕਾਰ ਨੂੰ ਦੇਣ ਦੀ ਬੇਨਤੀ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਬੁੱਧਵਾਰ ਹਾਮੀ ਭਰੀ। ਮਾਣਯੋਗ ਜੱਜ ਦੀਪਕ ਗੁਪਤਾ ਅਤੇ ਸੂਰਿਆਕਾਂਤ 'ਤੇ ਆਧਾਰਿਤ ਬੈਂਚ ਨੇ ਪਟੀਸ਼ਨਕਰਤਾ ਵਲੋਂ ਮਾਮਲੇ ਨੂੰ ਜਲਦੀ ਸੂਚੀਬੱਧ ਕਰਨ ਦੀ ਬੇਨਤੀ ਕਰਨ 'ਤੇ ਸੋਮਵਾਰ ਸੁਣਵਾਈ ਕਰਨ ਦੀ ਗੱਲ ਕਹੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਦਾਲਤ ਕੇਂਦਰ ਨੂੰ ਨਿਰਦੇਸ਼ ਦੇਵੇ ਕਿ ਉਹ ਮਹਾਮਾਰੀ ਨਾਲ ਜੂਝ ਰਹੇ ਬੱਚਿਆਂ ਦੇ ਇਲਾਜ ਲਈ ਉਪਕਰਨ ਅਤੇ ਮਦਦ ਮੁਹੱਈਆ ਕਰਵਾਏ।

ਵਿਰੋਧੀ ਧਿਰ ਦੇ ਨੇਤਾ ਤੇਜਸਵੀ ਨਹੀਂ ਸਰਗਰਮ

ਮੌਤਾਂ ਦੀਆਂ ਖਬਰਾਂ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ। ਜਦੋਂ ਰਾਜਗ ਦੇ ਇਕ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਕੋਲੋਂ ਤੇਜਸਵੀ ਯਾਦਵ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਹੋ ਸਕਦਾ ਹੈ ਕਿ ਉਹ ਵਿਸ਼ਵ ਕੱਪ ਦਾ ਮੈਚ ਵੇਖਣ ਲਈ ਗਏ ਹੋਣ। ਤੇਜਸਵੀ ਨੇ ਆਖਰੀ ਟਵੀਟ 11 ਜੂਨ ਨੂੰ ਕੀਤਾ ਸੀ ਅਤੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ।


Related News