ਨਿਤੀਸ਼ ਦੀ ਯੋਜਨਾ : 400 ਲੋਕ ਸਭਾ ਸੀਟਾਂ ’ਤੇ ਭਾਜਪਾ ਵਿਰੁੱਧ ਸਾਂਝੇ ਉਮੀਦਵਾਰ
Thursday, Sep 15, 2022 - 02:55 PM (IST)
ਨਵੀਂ ਦਿੱਲੀ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੋਧੀ ਏਕਤਾ ਦਾ ਨਵਾਂ ਫਾਰਮੂਲਾ ਵਿਕਸਿਤ ਕਰ ਰਹੇ ਹਨ ਕਿਉਂਕਿ ਕਈ ਖੇਤਰੀ ਪਾਰਟੀਆਂ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਹੁਣ ਤੱਕ ਜਿਨ੍ਹਾਂ ਆਗੂਆਂ ਨਾਲ ਗੱਲਬਾਤ ਕੀਤੀ ਹੈ, ਨੂੰ ਕਿਹਾ ਹੈ ਕਿ ਕਾਂਗਰਸ ਤੋਂ ਬਿਨਾਂ ਏਕਤਾ ਸੰਭਵ ਨਹੀਂ ਹੈ। ਨਿਤੀਸ਼ ਕੁਮਾਰ ਨੇ 400 ਲੋਕ ਸਭਾ ਸੀਟਾਂ ’ਤੇ ਭਾਜਪਾ ਵਿਰੁੱਧ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਖੜ੍ਹੇ ਕਰਨ ਦੀ ਯੋਜਨਾ ਬਣਾਈ ਹੈ। ਜੇ ਗਠਜੋੜ ਨਹੀਂ ਹੁੰਦਾ ਤਾਂ ਸੀਟਾਂ ਦੀ ਵਿਵਸਥਾ ਹੋ ਸਕਦੀ ਹੈ। ਬਾਕੀ ਸੀਟਾਂ ’ਤੇ ‘ਦੋਸਤਾਨਾ ਲੜਾਈ’ ਹੋ ਸਕਦੀ ਹੈ।
ਭਾਜਪਾ 2019 ਦੀਆਂ ਚੋਣਾਂ ’ਚ 300 ਤੋਂ ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਕਿਉਂਕਿ ਵਿਰੋਧੀ ਧਿਰ ਖਿੰਡਰ ਗਈ ਸੀ। ਭਾਜਪਾ ਨੇ ਇਹ ਉਪਲਬਧੀ ਉਦੋਂ ਵੀ ਹਾਸਲ ਕੀਤੀ ਜਦੋਂ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਈ ਹੋਰ ਵੱਡੇ ਰਾਜਾਂ ਵਿੱਚ ਆਪਣੀ ਪਛਾਣ ਨਹੀਂ ਬਣਾ ਸਕੀ। ਵਿਰੋਧੀ ਪਾਰਟੀਆਂ ਨੂੰ ਬਹੁ-ਪੱਖੀ ਮੁਕਾਬਲਿਆਂ ਤੋਂ ਬਚਣਾ ਪਵੇਗਾ। ਉਦਾਹਰਣ ਵਜੋਂ ਕਾਂਗਰਸ ਨੇ 2019 ਵਿੱਚ ਲਗਭਗ 475 ਲੋਕ ਸਭਾ ਸੀਟਾਂ ’ਤੇ ਚੋਣ ਲੜੀ ਅਤੇ ਸਿਰਫ 52 ਸੀਟਾਂ ਹੀ ਜਿੱਤ ਸਕੀ। ਕਰੀਬ 220 ਲੋਕ ਸਭਾ ਸੀਟਾਂ ਅਜਿਹੀਆਂ ਹਨ ਜਿੱਥੇ ਕਾਂਗਰਸ ਭਾਜਪਾ ਨੂੰ ਮੁੱਖ ਚੁਣੌਤੀ ਦੇ ਰਹੀ ਹੈ।
ਬਿਹਾਰ, ਝਾਰਖੰਡ, ਮਹਾਰਾਸ਼ਟਰ, ਤਾਮਿਲਨਾਡੂ ਤੇ ਅਾਸਾਮ ਆਦਿ ਵਿੱਚ ਕਾਂਗਰਸ ਦੇ ਸਹਿਯੋਗੀ ਹਨ ਜਦੋਂ ਕਿ ਸਪਾ, ਜਨਤਾ ਦਲ (ਐੱਸ) ਅਤੇ ਹੋਰ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਕੇਰਲ ਵਿੱਚ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਇੱਕ ਦੂਜੇ ਦੇ ਖਿਲਾਫ ਲੜ ਰਹੀਆਂ ਹਨ ਪਰ ਤੇਲੰਗਾਨਾ ਵਿੱਚ ਕੇ. ਚੰਦਰਸ਼ੇਖਰ ਰਾਓ, ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਅਤੇ ਓਡਿਸ਼ਾ ਵਿੱਚ ਨਵੀਨ ਪਟਨਾਇਕ ਵਰਗੇ ਬਹੁਤ ਸਾਰੇ ਆਗੂ ਹਨ ਜੋ ਕਾਂਗਰਸ ਨਾਲ ਕਿਸੇ ਵੀ ਗਠਜੋੜ ਦੇ ਵਿਰੁੱਧ ਹਨ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਪਿਛਲੇ ਸਮੇਂ ਵਿਚ ਇਕੱਲੇ ਚੋਣ ਲੜਦੇ ਰਹੇ ਹਨ । ਇਨ੍ਹਾਂ ਨੂੰ ਇਕੱਠਾ ਕਰਨਾ ਔਖਾ ਕੰਮ ਹੋਵੇਗਾ। ਅਜਿਹੇ ਕਈ ਸੂਬਿਆਂ ਵਿੱਚ ਕਾਰਜਸ਼ੀਲ ਫਾਰਮੂਲਾ ਵਿਕਸਿਤ ਕਰਨਾ ਨਿਤੀਸ਼ ਕੁਮਾਰ ਲਈ ਔਖਾ ਕੰਮ ਹੋਵੇਗਾ ਪਰ ਉਨ੍ਹਾਂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ 400 ਲੋਕ ਸਭਾ ਸੀਟਾਂ ’ਤੇ ਅਮਲੀ ਏਕਤਾ ਹੋ ਸਕਦੀ ਹੈ।