ਨਿਸਾਨ ਤੇ ਹੌਂਡਾ ਦਾ ਹੋਣ ਵਾਲਾ ਹੈ ਰਲੇਵਾਂ? ਟੋਯੋਟਾ ਨੂੰ ਮਿਲੇਗਾ ਤਗੜਾ ਮੁਕਾਬਲੇਬਾਜ਼
Wednesday, Dec 18, 2024 - 09:31 PM (IST)
ਨਵੀਂ ਦਿੱਲੀ - ਗਲੋਬਲ ਆਟੋਮੋਬਾਈਲ ਇੰਡਸਟਰੀ ’ਚ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਪਾਨ ਦੀਆਂ 2 ਵੱਡੀਆਂ ਆਟੋ ਕੰਪਨੀਆਂ ਦਾ ਰਲੇਵਾਂ ਹੋ ਸਕਦਾ ਹੈ। ਹੌਂਡਾ ਮੋਟਰ ਕੰਪਨੀ ਅਤੇ ਨਿਸਾਨ ਮੋਟਰ ਕੰਪਨੀ ਸੰਭਾਵੀ ਰਲੇਵੇਂ ’ਤੇ ਗੱਲ ਕਰ ਰਹੀਆਂ ਹਨ। ਇਸ ਨਾਲ ਜਾਪਾਨੀ ਆਟੋਮੋਟਿਵ ਇੰਡਸਟਰੀ ਨੂੰ ਇਕ ਨਵਾਂ ਆਕਾਰ ਮਿਲੇਗਾ ਅਤੇ ਟੋਯੋਟਾ ਮੋਟਰ ਕਾਰਪੋਰੇਸ਼ਨ ਲਈ ਇਕ ਵੱਡਾ ਮੁਕਾਬਲੇਬਾਜ਼ ਸਾਹਮਣੇ ਆ ਸਕਦਾ ਹੈ।
ਬਲੂਮਬਰਗ ਨੇ ਆਪਣੀ ਇਕ ਰਿਪੋਰਟ ’ਚ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਗੱਲਬਾਤ ਅਜੇ ਸ਼ੁਰੂਆਤੀ ਦੌਰ ’ਚ ਹੈ। ਦੋਹਾਂ ਕੰਪਨੀਆਂ ਵਿਚਾਲੇ ਰਲੇਵਾਂ ਕੈਪੀਟਲ ਟਾਈਅਪ ਜਾਂ ਹੋਲਡਿੰਗ ਕੰਪਨੀ ਬਣਾਉਣ ਵਰਗੇ ਬਦਲਾਂ ’ਤੇ ਚਰਚਾ ਹੋ ਰਹੀ ਹੈ। ਗੱਲਬਾਤ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਹੌਂਡਾ ਦੇ ਕਾਰਜਕਾਰੀ ਉਪ-ਪ੍ਰਧਾਨ ਸ਼ਿਨਜੀ ਆਯੋਮਾ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਕੰਪਨੀ ਵੱਖ-ਵੱਖ ਰਣਨੀਤਕ ਬਦਲਾਂ ਦਾ ਮੁਲਾਂਕਣ ਕਰ ਰਹੀ ਹੈ, ਜਿਸ ’ਚ ਸੰਭਾਵੀ ਰਲੇਵਾਂ ਵੀ ਸ਼ਾਮਲ ਹੈ।
ਦੱਸਣਯੋਗ ਹੈ ਕਿ ਹਾਲ ਹੀ ’ਚ ਈ. ਵੀ. ਬੈਟਰੀ ਅਤੇ ਸਾਫਟਵੇਅਰ ਨੂੰ ਲੈ ਕੇ ਹੌਂਡਾ ਅਤੇ ਨਿਸਾਨ ਵਿਚਾਲੇ ਸਮਝੌਤਾ ਹੋਇਆ ਹੈ। ਇਸ ਸਾਲ ਦੀ ਸ਼ੁਰੂਆਤ ’ਚ ਹੌਂਡਾ ਦੇ ਸੀ. ਈ. ਓ. ਤੋਸ਼ੀਹਿਰੋ ਮਿਬੇ ਨੇ ਨਿਸਾਨ ਨਾਲ ਪੂੰਜੀਗਤ ਭਾਈਵਾਲੀ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ।
ਮਿਤਸੁਬਿਸ਼ੀ ਵੀ ਹੋ ਸਕਦੀ ਹੈ ਸ਼ਾਮਲ
ਵਿਚਾਰ ਅਧੀਨ ਪ੍ਰਸਤਾਵ ’ਚ ਸਾਂਝੇ ਸੰਚਾਲਨ ਦੇ ਪ੍ਰਬੰਧਨ ਲਈ ਇਕ ਹੋਲਡਿੰਗ ਕੰਪਨੀ ਬਣਾਉਣਾ ਵੀ ਸ਼ਾਮਲ ਹੈ। ਇਸ ਸੌਦੇ ’ਚ ਮਿਤਸੁਬਿਸ਼ੀ ਮੋਟਰਸ ਕਾਰਪੋਰੇਸ਼ਨ ਵੀ ਸ਼ਾਮਲ ਹੋ ਸਕਦੀ ਹੈ। ਇਸ ਦਾ ਪਹਿਲਾਂ ਤੋਂ ਹੀ ਨਿਸਾਨ ਨਾਲ ਕੈਪੀਟਲ ਟਾਈਅਪ ਹੈ। ਜੇ ਇਹ ਸੌਦਾ ਹੁੰਦ ਹੈ, ਤਾਂ ਇਹ ਜਾਪਾਨ ਦੇ ਆਟੋ ਸੈਕਟਰ ਨੂੰ ਦੋ ਪ੍ਰਮੁੱਖ ਸਮੂਹਾਂ ’ਚ ਵੰਡ ਦੇਵੇਗਾ।
ਇਕ ਦੀ ਅਗਵਾਈ ਹੌਂਡਾ, ਨਿਸਾਨ ਅਤੇ ਮਿਤਸੁਬਿਸ਼ੀ ਕਰਨਗੇ ਅਤੇ ਦੂਜੇ ਦੀ ਅਗਵਾਈ ਟੋਯੋਟਾ ਅਤੇ ਉਸ ਦੇ ਸਹਿਯੋਗੀ ਕਰਨਗੇ। ਰਿਪੋਰਟ ’ਚ ਕਿਹਾ ਗਿਆ ਕਿ ਇਹ ਰਲੇਵਾਂ ਕਰਨ ਵਾਲੀ ਕੰਪਨੀ ਦੀ ਕੌਮਾਂਤਰੀ ਮੁਕਾਬਲੇਬਾਜ਼ ਸਮਰੱਥਾ ਨੂੰ ਮਜ਼ਬੂਤ ਕਰ ਸਕਦਾ ਹੈ। ਇਸ ਨਾਲ ਟੇਸਲਾ ਅਤੇ ਚੀਨੀ ਇਲੈਕਟ੍ਰਿਕ ਆਟੋਮੇਕਰਜ਼ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਆਸਾਨੀ ਹੋਵੇਗੀ।