ਨਿਰਭਯਾ ਦੇ ਦਰਿੰਦਿਆਂ ਦੀ ਫਾਂਸੀ ਤੋਂ ਬਾਅਦ ਤਿਹਾੜ ਜੇਲ ਦੇ ਬਾਹਰ ਲੋਕਾਂ 'ਚ ਜਸ਼ਨ ਦਾ ਮਾਹੌਲ
Friday, Mar 20, 2020 - 08:57 AM (IST)
ਨਵੀਂ ਦਿੱਲੀ—ਲੰਬੀ ਉਡੀਕ ਤੋਂ ਬਾਅਦ ਅੱਜ ਭਾਵ ਸ਼ੁੱਕਰਵਾਰ ਤੜਕਸਾਰ ਨਿਰਭਯਾ ਗੈਗਰੇਂਪ ਅਤੇ ਹੱਤਿਆ ਮਾਮਲੇ 'ਚ 4 ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਜਿੱਥੇ ਅੱਜ ਤਿਹਾੜ ਜੇਲ 'ਚ ਸਵੇਰਸਾਰ 5.30 ਵਜੇ ਪਵਨ ਜੱਲਾਦ ਨੇ ਚਾਰਾ ਦਰਿੰਦਿਆਂ ਨੂੰ ਫਾਂਸੀ 'ਤੇ ਲਟਕਾਇਆ, ਉੱਥੇ ਹੀ ਜੇਲ ਦੇ ਬਾਹਰ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋਂ ਦਰਿੰਦਿਆਂ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਜੇਲ ਤੋਂ ਬਾਹਰ ਮੌਜੂਦ ਲੋਕਾਂ ਨੂੰ ਮਿਲੀ ਤਾਂ ਉਨ੍ਹਾਂ ਨੇ 'ਨਿਰਭਯਾ ਜ਼ਿੰਦਾਬਾਦ , ਏ.ਪੀ. ਮੁਰਦਾਬਾਦ' ਵਰਗੇ ਨਾਅਰੇ ਲਾਏ। ਇਸ ਦੌਰਾਨ ਜਸ਼ਨ 'ਚ ਡੁੱਬੇ ਲੋਕਾਂ ਨੇ ਮਿਠਾਈਆਂ ਵੰਡ ਕੇ ਖੁਸ਼ੀ ਪ੍ਰਗਟਾਈ ਅਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਇੱਥੋ ਤੱਕ ਕਿ ਲੋਕਾਂ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਵੀ ਨਿਰਭਯਾ ਦੇ ਨਾਲ ਆਪਣੀ ਇਕਜੁੱਟਤਾ ਦਿਖਾਉਂਦੇ ਹੋਏ ਜੇਲ ਦੇ ਬਾਹਰ ਪਹੁੰਚੇ।
ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਰੋਕਣ ਲਈ ਦਿੱਲੀ ਸਰਕਾਰ ਨੇ 20 ਤੋਂ ਜ਼ਿਆਦਾ ਲੋਕਾਂ ਦੇ ਇਕਜੁੱਟ ਹੋਣ 'ਤੇ ਰੋਕ ਲਗਾਈ ਹੈ ਪਰ ਇਸ ਦੇ ਬਾਵਜੂਦ ਤਿਹਾੜ ਜੇਲ ਦੇ ਬਾਹਰ ਲੋਕਾਂ ਦੀ ਕਾਫੀ ਭੀੜ ਇੱਕਠੀ ਹੋਈ ਅਤੇ ਨਿਰਭਯਾ ਪ੍ਰਤੀ ਸ਼ਰਧਾਂਜਲੀ ਪ੍ਰਗਟ ਕੀਤੀ।
16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।