ਨਿਰਭਿਆ ਦੇ ਦੋਸ਼ੀਆਂ ਨੂੰ ਦਸੰਬਰ ''ਚ ਹੀ ਹੋ ਸਕਦੀ ਹੈ ਫਾਂਸੀ

12/09/2019 11:21:44 AM

ਨਵੀਂ ਦਿੱਲੀ— ਨਿਰਭਿਆ ਦੇ ਦੋਸ਼ੀਆਂ ਦੀ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ 'ਚ ਸਭ ਤੋਂ ਵੱਡੀ ਮੁਸਕਲ ਜੱਲਾਦ ਦੀ ਭਾਲ ਹੈ, ਕਿਉਂਕਿ ਤਿਹਾੜ ਜੇਲ 'ਚ ਫਾਂਸੀ ਲਈ ਕੋਈ ਜੱਲਾਦ ਨਹੀਂ ਹੈ। ਇਸ ਦਰਮਿਆਨ ਫਾਂਸੀ ਦੀ ਤਾਰੀਕ ਨੂੰ ਲੈ ਕੇ ਕਈ ਮੀਡੀਆ ਰਿਪੋਰਟਸ ਸਾਹਮਣੇ ਆ ਰਹੀਆਂ ਹਨ, ਜਿਸ 'ਚ ਦਸੰਬਰ 2019 ਦਾ ਹੀ ਇਕ ਦਿਨ ਫਾਂਸੀ ਲਈ ਤੈਅ ਦੱਸਿਆ ਜਾ ਰਿਹਾ ਹੈ।

16 ਦਸੰਬਰ ਨੂੰ ਹੋ ਸਕਦੀ ਹੈ ਫਾਂਸੀ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਰਭਿਆ ਦੇ ਦੋਸ਼ੀਆਂ ਨੂੰ ਉਸੇ ਦਿਨ ਸਜ਼ਾ ਦਿੱਤੀ ਜਾ ਸਕਦੀ ਹੈ, ਜਿਸ ਤਾਰੀਕ ਨੂੰ ਉਸ ਨਾਲ ਘਿਨਾਉਣਾ ਅਪਰਾਧ ਕੀਤਾ ਗਿਆ ਸੀ, ਜਿਸ 'ਚ ਉਸ ਦੀ ਜਾਨ ਚੱਲੀ ਗਈ। ਕਿਹਾ ਜਾ ਰਿਹਾ ਹੈ ਕਿ ਨਿਰਭਿਆ ਦੇ ਦੋਸ਼ੀਆਂ ਨੂੰ 16 ਦਸੰਬਰ ਨੂੰ ਹੀ ਸਵੇਰੇ 5 ਵਜੇ ਫਾਂਸੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਹਾਲੇ ਜੇਲ ਪ੍ਰਸ਼ਾਸਨ ਨੇ ਨਹੀਂ ਕੀਤੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਫਾਂਸੀ ਦੀ ਤਾਰੀਕ ਲਗਭਗ ਤੈਅ ਹੈ। ਤਿਹਾੜ ਪ੍ਰਸ਼ਾਸਨ ਨੂੰ ਸਿਰਫ਼ ਜੱਲਾਦ ਮਿਲਣ ਦੀ ਤਲਾਸ਼ ਹੈ।

ਫਾਂਸੀ ਲਈ ਨਹੀਂ ਮਿਲ ਰਿਹਾ ਹੈ ਜੱਲਾਦ
ਨਿਰਭਿਆ ਨਾਲ ਰੇਪ ਅਤੇ ਕਤਲ ਦੇ ਜ਼ੁਰਮ 'ਚ ਮੌਤ ਦੀ ਸਜ਼ਾ ਪਾਏ ਤਿਹਾੜ 'ਚ ਬੰਦ ਦੋਸ਼ੀਆਂ ਨੂੰ ਫਾਂਸੀ ਲਈ ਅਧਿਕਾਰੀਆਂ ਨੂੰ ਜੱਲਾਦ ਨਹੀਂ ਮਿਲ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਲਈ ਅਧਿਕਾਰੀ ਜੱਲਾਦ ਦੀ ਤਲਾਸ਼ 'ਚ ਦੇਸ਼ ਦੀਆਂ ਹੋਰ ਜੇਲਾਂ 'ਚ ਚੱਕਰ ਕੱਟ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਜੇਲ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਇਕ ਦੋਸ਼ੀ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਖਾਰਜ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਹਾਲਾਂਕਿ ਉਸ ਦੇ ਅਗਲੇ ਦਿਨ ਸ਼ਰਮਾ ਨੇ ਇਹ ਕਹਿੰਦੇ ਹੋਏ ਦਯਾ ਪਟੀਸ਼ਨ ਵਾਪਸ ਲੈ ਲਈ ਸੀ ਕਿ ਪਟੀਸ਼ਨ ਬਿਨਾਂ ਉਸ ਦੀ ਸਹਿਮਤੀ ਦੇ ਭੇਜੀ ਗਈ ਸੀ।

2012 'ਚ ਚੱਲਦੀ ਬੱਸ 'ਚ ਹੋਇਆ ਸੀ ਗੈਂਗਰੇਪ
ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ ਨਿਰਭਿਆ ਨਾਲ 6 ਦਰਿੰਦਿਆਂ ਨੇ ਚੱਲਦੀ ਬੱਸ 'ਚ ਗੈਂਗਰੇਪ ਕੀਤਾ ਸੀ। 6 'ਚੋਂ ਇਕ ਦੋਸ਼ੀ ਨਾਬਾਲਗ ਸੀ, ਜੋ ਹੁਣ ਛੁਟ ਚੁਕਿਆ ਹੈ ਅਤੇ ਗੁੰਮਨਾਮੀ ਜ਼ਿੰਦਗੀ ਬਿਤਾ ਰਿਹਾ ਹੈ। ਉੱਥੇ ਹੀ ਇਕ ਦੋਸ਼ੀ ਰਾਮ ਸਿੰਘ ਨੇ ਤਿਹਾੜ 'ਚ ਹੀ ਖੁਦਕੁਸ਼ੀ ਕਰ ਲਈ ਸੀ। ਹੁਣ 7 ਸਾਲ ਬਾਅਦ ਬਾਕੀ ਬਚੇ 4 ਦੋਸ਼ੀਆਂ ਨੂੰ ਜਲਦ ਹੀ ਫਾਂਸੀ ਦੀ ਸਜ਼ਾ ਹੋ ਸਕਦੀ ਹੈ।


DIsha

Content Editor

Related News