ਨਿਰਭਯਾ ਮਾਮਲਾ: ਹੁਣ ਦੋਸ਼ੀ ਪਵਨ ਨੇ ਖੇਡੀ ਨਵੀਂ ਚਾਲ, ਪੁਲਸ ’ਤੇ ਲਾਏ ਗੰਭੀਰ ਦੋਸ਼

Thursday, Mar 12, 2020 - 04:56 PM (IST)

ਨਵੀਂ ਦਿੱਲੀ—ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਕੋਲ ਸਾਰੇ ਕਾਨੂੰਨੀ ਬਦਲ ਖਤਮ ਹੋਣ ਦੇ ਬਾਵਜੂਦ ਵੀ ਫਾਂਸੀ ਨੂੰ ਟਾਲਣ ਲਈ ਨਵੇਂ ਤੋਂ ਨਵਾਂ ਪੈਂਤੜਾ ਖੇਡਿਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਨਿਰਭਯਾ ਮਾਮਲੇ ’ਚ ਹੁਣ ਦੋਸ਼ੀ ਪਵਨ ਨੇ ਫਾਂਸੀ ਤੋਂ ਬਚਣ ਲਈ ਮੰਡੋਲੀ ਜੇਲ ਕਰਮਚਾਰੀਆਂ ’ਤੇ ਜੋ ਕੁੱਟਮਾਰ ਦਾ ਦੋਸ਼ ਲਾਇਆ ਸੀ, ਉਸ ਮਾਮਲੇ ’ਚ ਅਦਾਲਤ ਨੇ ਸੁਣਵਾਈ ਕਰਦੇ ਹੋਏ ਜੇਲ ਪ੍ਰਸ਼ਾਸਨ ਨੂੰ 8 ਅਪ੍ਰੈਲ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਹੈ। ਮੈਟਰੋਪੋਲੀਟਨ ਕੜਕੜਦੂਮਾ ਅਦਾਲਤ ਦੇ ਮੈਜਿਸਟ੍ਰੇਟ ਪਿ੍ਰਆਂਕ ਨਾਇਕ ਨੇ ਕੇਸ ਦੀ ਸੁਣਵਾਈ ਦੌਰਾਨ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਕੇਸ ਦੇ ਕਾਰਨ ਦੂਜਿਆਂ ਮਾਮਲਿਆਂ ਅਤੇ ਦੋਸ਼ੀਆਂ ਦੀ ਫਾਂਸੀ 'ਤੇ ਕੋਈ ਅਸਰ ਨਹੀਂ ਪਵੇਗਾ। ਦੱਸ ਦੇਈਏ ਕਿ ਦਿੱਲੀ ਦੀ ਇਕ ਅਦਾਲਤ ਨੇ ਉਕਤ ਕਾਂਡ ਦੇ ਚਾਰੇ ਦੋਸ਼ੀਆਂ ਦੀ ਫਾਂਸੀ 3 ਵਾਰ ਟਾਲਣ ਪਿੱਛੋ ਨਵੀਂ ਮਿਤੀ 20 ਮਾਰਚ ਨਿਰਧਾਰਿਤ ਕੀਤੀ ਹੈ।

PunjabKesari

ਦੋਸ਼ੀ ਪਵਨ ਦੀ ਪਟੀਸ਼ਨ-
ਦਰਅਸਲ ਨਿਰਭਯਾ ਦੇ ਦੋਸ਼ੀ ਪਵਨ ਗੁਪਤਾ ਨੇ ਫਾਂਸੀ ਨੂੰ ਟਾਲਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਇਸ ਵਾਰ ਉਸ ਨੇ ਮੰਡੋਲੀ ਜੇਲ ਦੇ ਦੋ ਪੁਲਸ ਕਰਮਚਾਰੀਆਂ ਵੱਲੋਂ ਉਸ ’ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਅਦਾਲਤ ’ਚ ਸ਼ਿਕਾਇਤ ਦਾਇਰ ਕਰ ਕੇ ਉਸ ਨੇ ਕਿਹਾ ਹੈ ਕਿ ਕੁੱਟਮਾਰ ਕਰਨ ’ਤੇ ਉਸ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਹਨ। ਅਦਾਲਤ ਦੇ ਸਾਹਮਣੇ ਪਵਨ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਹੈ ਕਿ ਜੇਲ ’ਚ ਉਨ੍ਹਾਂ ਦੇ ਮੁਵੱਕਿਲ ਰਾਹੀਂ ਪੁਲਸ ਕਰਮਚਾਰੀਆਂ ਵੱਲੋਂ ਕੁੱਟਮਾਰ ਕਰਨਾ ਉਸਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਅਤੇ ਜੇਲ ’ਚ ਕੈਦੀਆਂ ਨਾਲ ਇਸ ਤਰ੍ਹਾਂ ਕੁੱਟਮਾਰ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਫਾਂਸੀ ਦੇ ਸਮੇਂ ਜੇਕਰ ਕਿਸੇ ਵੀ ਦੋਸ਼ੀ ਨੂੰ ਗੰਭੀਰ ਸੱਟ ਲੱਗੀ ਹੈ ਤਾਂ ਉਸ ਦੇ ਇਲਾਜ ਤੱਕ ਫਾਂਸੀ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ।

9 ਮਾਰਚ ਨੂੰ ਦੋਸ਼ੀ ਵਿਨੈ ਨੇ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜੀ ਅਰਜੀ-
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਭਯਾ ਦੇ ਦੋਸ਼ੀ ਵਿਨੈ ਸ਼ਰਮਾ ਨੇ 9 ਮਾਰਚ ਨੂੰ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਕੋਲ ਅਰਜੀ ਭੇਜ ਕੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਗੁਹਾਰ ਲਾਈ ਸੀ। ਵਿਨੈ ਸ਼ਰਮਾ ਦੇ ਵਕੀਲ ਏ ਪੀ ਸਿੰਘ ਨੇ ਧਾਰਾ 432 ਅਤੇ 433 ਤਹਿਤ ਐੱਲ.ਜੀ ਕੋਲ ਪਟੀਸ਼ਨ ਦਾਖਲ ਕਰ ਆਪਣੇ ਮੁਵੱਕਿਲ ਲਈ ਰਾਹਤ ਦੀ ਮੰਗ ਕੀਤੀ ਗਈ ਸੀ।

ਕੀ ਹੈ ਮਾਮਲਾ— 
16 ਦਸੰਬਰ 2012 ਨੂੰ ਦੱਖਣੀ ਦਿੱਲੀ 'ਚ ਇਕ ਚੱਲਦੀ ਬੱਸ 'ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ 6 ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਬਾਅਦ 'ਚ ਉਸ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਵਿਦਿਆਰਥਣ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਵੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਉਦੋਂ ਨਾਬਾਲਗ ਸੀ, ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 3 ਸਾਲ ਬਾਲ ਸੁਧਾਰ ਗ੍ਰਹਿ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।


Iqbalkaur

Content Editor

Related News