ਅੱਜ ਵੀ ਝੰਜੋੜ ਦਿੰਦੀ ਹੈ 16 ਦਸੰਬਰ ਦੀ ਕਾਲੀ ਰਾਤ, ਨਿਆਂ ਦੀ ਉਡੀਕ ''ਚ ਦੇਸ਼

12/16/2019 12:29:23 PM

ਨਵੀਂ ਦਿੱਲੀ— 16 ਦਸੰਬਰ 2012 ਨਿਰਭਿਆ ਗੈਂਗਰੇਪ ਕੇਸ ਨੂੰ ਅੱਜ 7 ਸਾਲ ਬੀਤ ਚੁੱਕੇ ਹਨ। ਅੱਜ ਹੀ ਦਾ ਉਹ ਦਿਨ ਸੀ, ਜਦੋਂ ਦਿਲੀ ਦੇ ਮੁਨਿਰਕਾ 'ਚ ਨਿਰਭਿਆ ਨਾਲ ਦਰਿੰਦਗੀ ਹੋਈ ਸੀ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਨਿਰਭਿਆ ਦੇ ਮਾਪੇ ਹੀ ਨਹੀਂ ਸਗੋਂ ਪੂਰਾ ਦੇਸ਼ ਨਿਆਂ ਦੀ ਉਡੀਕ 'ਚ ਹੈ। 16 ਦਸੰਬਰ ਦੀ ਉਸ ਕਾਲੀ ਰਾਤ ਨੂੰ ਯਾਦ ਕਰ ਅੱਜ ਵੀ ਰੂਹ ਕੰਬ ਜਾਂਦੀ ਹੈ, ਜਦੋਂ ਚੱਲਦੀ ਬੱਸ 'ਚ 6 ਦਰਿੰਦਿਆਂ ਵਲੋਂ ਨਿਰਭਿਆ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਉਸ ਸਮੇਂ ਲੋਕ ਸੜਕਾਂ 'ਤੇ ਉਤਰ ਆਏ ਸਨ। ਦੇਸ਼ ਅੱਜ ਵੀ ਨਿਰਭਿਆ ਲਈ ਨਿਆਂ ਦੀ ਉਡੀਕ 'ਚ ਹੈ। ਨਿਰਭਿਆ ਦੀ ਮਾਂ ਨੇ ਕਿਹਾ ਕਿ ਜਦੋਂ ਤਕ ਸਾਨੂੰ ਡੈਥ ਵਾਰੰਟ ਅਤੇ ਫਾਂਸੀ ਤਰੀਕ ਨਹੀਂ ਮਿਲ ਜਾਂਦੀ, ਉਦੋਂ ਤਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਇਸ ਕੇਸ 'ਚ 6 'ਚੋਂ ਇਕ ਨਾਬਾਲਗ ਦੋਸ਼ੀ ਰਿਹਾਅ ਹੋ ਚੁੱਕਾ ਹੈ। ਇਕ ਨੇ ਜੇਲ 'ਚ ਵੀ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ 4 ਤਿਹਾੜ ਜੇਲ 'ਚ ਬੰਦ ਹਨ। ਇਹ ਚਾਰ ਦੋਸ਼ੀ ਹਨ- ਵਿਨੇ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ।

ਅੱਜ ਵੀ ਝੰਜੋੜ ਦਿੰਦੀ ਹੈ 16 ਦਸੰਬਰ ਦੀ ਕਾਲੀ ਰਾਤ—
16 ਦਸੰਬਰ ਦੀ ਉਸ ਰਾਤ ਨੂੰ ਕਾਫੀ ਠੰਡ ਸੀ। ਜਦੋਂ ਨਿਰਭਿਆ ਆਪਣੇ ਇਕ ਦੋਸਤ ਨਾਲ ਘਰ ਵਾਪਸ ਜਾਣ ਲਈ ਆਟੋ ਦੀ ਉਡੀਕ ਕਰ ਰਹੇ ਸਨ। ਨਿਰਭਿਆ ਦੇ ਦੋਸਤ ਨੇ ਇਸ ਪੂਰੀ ਘਟਨਾ ਨੂੰ ਬਿਆਨ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਸ਼ਾਇਦ ਦੋਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਬੁਰਾ ਵਕਤ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਆਟੋ ਵਾਲੇ ਨਹੀਂ ਮੰਨੇ, ਰਾਤ ਕਾਫੀ ਹੋ ਚੁੱਕੀ ਸੀ। ਨਿਰਭਿਆ ਆਪਣੇ ਦੋਸਤ ਨਾਲ ਬੱਸ ਵਿਚ ਸਵਾਰ ਹੋ ਕੇ ਮੁਨਿਰਕਾ ਤੋਂ ਦੁਆਰਕਾ ਜਾ ਰਹੀ ਸੀ। ਬੱਸ 'ਚ ਉਨ੍ਹਾਂ ਦੋਹਾਂ ਤੋਂ ਇਲਾਵਾ 6 ਹੋਰ ਲੋਕ ਸਨ, ਜਿਨ੍ਹਾਂ ਨੇ ਨਿਰਭਿਆ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਦੋਸ਼ੀਆਂ ਨੇ ਨਿਰਭਿਆ ਦੇ ਦੋਸਤ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਵਹਿਸ਼ੀ ਦਰਿੰਦੀਆਂ ਨੇ ਨਿਰਭਿਆ ਨਾਲ ਗੈਂਗਰੇਪ ਕੀਤਾ। ਇੰਨਾ ਹੀ ਨਹੀਂ ਉਨ੍ਹਾਂ 6 ਦਰਿੰਦੀਆਂ ਵਿਚੋਂ ਇਕ ਨੇ ਰਾਡ ਨਾਲ ਨਿਰਭਿਆ ਨਾਲ ਘਿਨੌਣੀ ਹਰਕਤ ਕੀਤੀ। ਬਾਅਦ ਵਿਚ ਦਰਿੰਦਿਆਂ ਨੇ ਨਿਰਭਿਆ ਅਤੇ ਉਸ ਦੇ ਦੋਸਤ ਨੂੰ ਦੱਖਣੀ ਦਿੱਲੀ ਦੇ ਮਹਿਪਾਲਪੁਰ ਦੇ ਨੇੜੇ ਵਸੰਤ ਵਿਹਾਰ ਇਲਾਕੇ 'ਚ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਸੀ।

ਅੱਧੀ ਰਾਤ ਤੋਂ ਬਾਅਦ ਵਸੰਤ ਵਿਹਾਰ ਇਲਾਕੇ ਦੇ ਕੁਝ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਨਿਰਭਿਆ ਨੂੰ ਗੰਭੀਰ ਹਾਲਤ 'ਚ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਭਰਤੀ ਕਰਾਇਆ। ਇਹ ਮਾਮਲਾ ਕਈ ਦਿਨ ਤੱਕ ਮੀਡੀਆ ਦੀਆਂ ਸੁਰਖੀਆਂ 'ਚ ਛਾਇਆ ਰਿਹਾ। ਲੋਕ ਸੜਕਾਂ 'ਤੇ ਉਤਰ ਆਏ। ਇਸ ਦਰਮਿਆਨ ਨਿਰਭਿਆ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਸੀ। ਉਸ ਦਾ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਪਰ ਹਾਲਾਤ 'ਚ ਸੁਧਾਰ ਨਾ ਹੋਣ ਕਰ ਕੇ ਉਸ ਨੂੰ ਸਿੰਗਾਪੁਰ ਭੇਜਿਆ ਗਿਆ।  ਨਿਰਭਿਆ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ  29 ਦਸੰਬਰ ਨੂੰ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।


Tanu

Content Editor

Related News