ਨਿਰਭਿਆ ਕੇਸ : ਖਤਮ ਹੋਵੇਗਾ 7 ਸਾਲਾਂ ਦਾ ਇੰਤਜ਼ਾਰ, ਦੋਸ਼ੀਆਂ ਦੀ ਫਾਂਸੀ 'ਤੇ ਫੈਸਲਾ ਅੱਜ

01/07/2020 9:48:09 AM

ਨਵੀਂ ਦਿੱਲੀ : ਨਿਰਭਿਆ ਗੈਂਗਰੇਪ ਦੇ ਚਾਰੇ ਦੋਸ਼ੀਆਂ ਨੂੰ ਕਦੋਂ ਫਾਂਸੀ ਹੋਵੇਗੀ, ਇਸ ਦਾ ਫੈਸਲਾ ਮੰਗਲਵਾਰ ਨੂੰ ਹੋ ਸਕਦਾ ਹੈ, ਜਿਸ ਦੇ ਨਾਲ ਹੀ ਆਪਣੀ ਧੀ ਨੂੰ ਇਨਸਾਫ ਦਿਵਾਉਣ ਦਾ ਨਿਰਭਿਆ ਦੇ ਮਾਤਾ-ਪਿਤਾ ਦਾ 7 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਨਿਰਭਿਆ ਦੀ ਮਾਂ ਦੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਨਿਰਭਿਆ ਦੀ ਮਾਂ ਨੇ ਦੋਸ਼ੀਆਂ ਨੂੰ ਜਲਦੀ ਫਾਂਸੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਨੂੰ ਸਾਰੀਆਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਲਈ 7 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ।

ਨਾਲ ਹੀ ਤਿਹਾੜ ਜੇਲ ਨੇ ਚਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਉਹ ਰਹਿਮ ਪਟੀਸ਼ਨ ਦਾਖਲ ਕਰਨਗੇ ਜਾਂ ਨਹੀਂ। ਪਿਛਲੇ ਮਹੀਨੇ ਅਦਾਲਤ ਵਲੋਂ 7 ਜਨਵਰੀ ਤੱਕ ਇਸ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਤਿਹਾੜ ਜੇਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਦੋਸ਼ੀਆਂ ਨੂੰ ਨਵੇਂ ਸਿਰੇ ਤੋਂ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਕਾਨੂੰਨੀ ਉਪਾਵਾਂ ਦਾ ਇਸਤੇਮਾਲ ਕਰਨ ਦਾ ਸਮਾਂ ਮੁਹੱਈਆ ਕਰਾਇਆ ਜਾਵੇ।
ਅੱਜ ਖਤਮ ਹੋਵੇਗਾ 7 ਸਾਲਾਂ ਦਾ ਇੰਤਜ਼ਾਰ
16 ਦਸੰਬਰ, 2012 ਦੀ ਰਾਤ ਨੂੰ ਚੱਲਦੀ ਬੱਸ 'ਚ ਇਕ 23 ਸਾਲਾਂ ਦੀ ਪੈਰਾ ਮੈਡੀਕਲ ਸਟੂਡੈਂਟ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਸੀ, ਜਿਸ ਦੀ ਘਟਨਾ ਦੇ ਕੁਝ ਦਿਨਾਂ ਬਾਅਦ ਮੌਤ ਹੋ ਗਈ ਸੀ। ਇਸ ਅਪਰਾਧ ਲਈ ਪਵਨ ਤੋਂ ਇਲਾਵਾ ਮੁਕੇਸ਼, ਅਕਸ਼ੇ ਅਤੇ ਵਿਨੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਆਪਣੇ ਧੀ ਦੇ ਗੁਨਾਹਗਾਰਾਂ ਦਾ ਅਖੀਰ ਦੇਖਣ ਲਈ ਪਿਛਲੇ 7 ਸਾਲਾਂ ਤੋਂ ਨਿਰਭਿਆ ਦੇ ਮਾਤਾ-ਪਿਤਾ ਇੰਤਜ਼ਾਰ ਕਰ ਰਹੇ ਹਨ।


Babita

Content Editor

Related News